ਮਰਿਆਦਾ ਭੰਗ ਹੋਣ ''ਤੇ ਸਤਿਕਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ

03/26/2019 6:46:09 PM

ਜ਼ੀਰਾ : ਪੁਰਾਣੀ ਤਲਵੰਡੀ ਰੋਡ ਜ਼ੀਰਾ ਵਿਖੇ ਸਥਿਤ ਦੁਕਾਨਾ ਦੀ ਛੱਤ 'ਚੇ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਦੇਖਭਾਲ ਨਾ ਹੋਣ ਕਰਕੇ ਸਤਿਕਾਰ ਕਮੇਟੀ ਨੇ ਇਹ ਸਰੂਪ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਰਹਿਤ ਮਰਿਆਦਾ ਅਨੁਸਾਰ ਚੁੱਕ ਲਏ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਮਦਮੀ ਟਕਸਾਲ ਦੇ ਆਗੂ ਭਾਈ ਬਲਬੀਰ ਸਿੰਘ ਮੁਛੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਉਕਤ ਸਥਾਨ 'ਤੇ ਸੁਸ਼ੋਭਿਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮਰਿਆਦਾ ਭੰਗ ਹੋ ਰਹੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਉਹ ਜਥੇਬੰਦੀ ਦੇ ਆਗੂਆਂ ਸਮੇਤ ਪੁਰਾਣੀ ਤਲਵੰਡੀ ਰੋਡ ਜ਼ੀਰਾ ਵਿਖੇ ਦੁਕਾਨਾ ਦੇ ਚੁਬਾਰੇ ਵਿਚ ਪਹੁੰਚੇ, ਜਿਥੇ ਉਨ੍ਹਾਂ ਵੇਖਿਆ ਕਿ ਭਾਈ ਹਰਭਜਨ ਸਿੰਘ ਵੱਲੋ ਨਿੱਜੀ ਤੌਰ 'ਤੇ ਚੁਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪ ਰੱਖੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮਰਿਆਦਾ ਅਨੁਸਾਰ ਸੁੱਖ ਆਸਣ ਨਾ ਕਰਵਾਉਣ, ਸੰਧਿਆ ਵੇਲੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਨਾ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੀ ਤਰੀਕੇ ਨਾਲ ਦੇਖ-ਭਾਲ ਨਾ ਹੋਣ ਕਰਕੇ ਸਰੂਪਾਂ ਦੇ ਪੱਤਰੇ ਵੀ ਮੁੜੇ ਹੋਏ ਪਾਏ ਗਏ। ਇਸ ਸਭ ਨੂੰ ਵੇਖਦੇ ਹੋਏ ਉਨ੍ਹਾਂ ਨੇ ਸਾਰੇ ਸਰੂਪ ਪੁਲਸ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਅਰਦਾਸ ਕਰਕੇ ਮਰਿਆਦਾ ਅਨੁਸਾਰ ਚੁੱਕ ਲਏ ਤਾਂ ਜੋ ਸਰੂਪਾਂ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ, ਜ਼ਿਲਾ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾ ਸਕੇ।


Gurminder Singh

Content Editor

Related News