ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਮਾਨਜਨਕ ਸ਼ਬਦ ਬੋਲਣ ਵਾਲੇ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਕੀਤੀ ਨਿਖੇਧੀ

Sunday, Dec 27, 2020 - 01:50 PM (IST)

ਗੁਰਦਾਸਪੁਰ (ਸਰਬਜੀਤ): ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਮਾਨਜਨਕ ਸ਼ਬਦ ਬੋਲਣ ਵਾਲੇ ਅਤੇ ਕੈਨੇਡਾ ਤੋਂ ਇੱਕ ਵੀਡੀਓ ਵਾਇਰਲ ਕਰਨ ਸਬੰਧੀ 250 ਸਮਾਜ ਸੇਵੀ ਜਥੇਬੰਦੀਆਂ ਦਾ ਇਕੱਠ ਪਿੰਡ ਭੇਟ ਪੱਤਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਇਕੱਤਰ ਹੋਇਆ। ਇਸ ਸਬੰਧੀ ਪਲਵਿੰਦਰ ਸਿੰਘ ਉਰਫ ਪਿੰਦਰ ਪੁੱਤਰ ਸਰਦੂਲ ਸਿੰਘ ਵਾਸੀ ਭੇਂਟ ਪੱਤਣ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਇਸ ਸਮੇਂ ਕੈਨੇਡਾ ਵਿਖੇ ਰਹਿ ਰਿਹਾ ਹੈ, ਉਸਨੇ ਸਰਬੰਸਦਾਨੀ ਜੀ ਨੂੰ ਭੱਦੀ ਸ਼ਬਦਾਵਲੀ ਬੋਲ ਕੇ ਜੋ ਵੀਡੀਓ ਵਾਇਰਲ ਕੀਤੀ ਸੀ। ਜਿਸ ਤੋਂ ਬਾਅਦ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਗਿਆ। 

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼ਾਮਲ ਜਲਾਲਾਬਾਦ ਦੇ ਐਡਵੋਕੇਟ ਨੇ ਕੀਤੀ ਖ਼ੁਦਕੁਸ਼ੀ

ਇਸ ਸਬੰਧੀ ਸਾਡੇ ਪ੍ਰਤੀਨਿਧੀ ਨੇ ਜਦੋਂ ਇਸ ਪਿੰਡ ਦੇ ਸਰਪੰਚ ਰੂੜ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਸਨੇ ਕਿਹਾ ਕਿ ਜੋ ਕੁੱਝ ਇਸਨੇ ਕੀਤਾ ਹੈ, ਉਹ ਨਾਕਾਬਿਲੇ ਬਰਦਾਸ਼ਤ ਹੈ, ਇਸ ਖ਼ਿਲਾਫ਼ ਅਸੀਂ ਬਜਿੱਦ ਹਾਂ ਕਿ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਇਸ ਸਬੰਧੀ ਸਾਬਕਾ ਸਰਪੰਚ ਮੱਖਣ ਸਿੰਘ ਨਾਲ ਗੱਲ ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਦੋਸ਼ੀ ਵਿਅਕਤੀ 12 ਸਾਲ ਤੋਂ ਕੈਨੇਡਾ ’ਚ ਰਹਿ ਰਿਹਾ ਹੈ ਅਤੇ ਇਸਦੇ ਦੋ ਬੱਚੇ ਹਨ ਅਤੇ ਬੀਤੇ ਇੱਕ ਸਾਲ ਤੋਂ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਭੇਜ ਰਿਹਾ। ਜਿਸ ਕਰਕੇ ਇਸਦੀ ਪਤਨੀ ਘਰੋਂ ਚੱਲੀ ਗਈ ਹੋਈ ਹੈ। ਮਾਤਾ ਵੀਰ ਕੌਰ ਅਤੇ ਭਰਾ ਬਲਵਿੰਦਰ ਸਿੰਘ ਗੌਰਾ ਵੀ ਇਹ ਵੀਡੀਓ ਵਾਇਰਲ ਹੋਣ ਉਪਰੰਤ ਘਰੋਂ ਚੱਲੇ ਗਏ ਹਨ। 

ਇਹ ਵੀ ਪੜ੍ਹੋ:  ਦੁਖਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ

ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਬਾਰੇ ਜੋ ਸਾਨੂੰ ਕੈਨੇਡਾ ਤੋਂ ਰਿਪੋਰਟ ਮਿਲੀ ਹੈ ਕਿ ਇਹ ਕੰਮਕਾਜ ਨਹੀਂ ਕਰਦਾ। ਉਥੋਂ ਦੀ ਸਰਕਾਰ ਨੇ ਇਸ ਨੂੰ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਇਹ ਅਵਾਰਾ ਕਿਸਮ ਦਾ ਰਹਿਣ ਕਰਕੇ ਇਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਿਹਾ ਜਾ ਰਿਹਾ ਹੈ। ਮੈਂ ਇਸਦੀ ਪੁਸ਼ਟੀ ਨਹੀਂ ਕਰਦਾ। ਇਸ ਨਲਾਇਕ ਪਿੰਦਰ ਨੇ ਜਿੱਥੇ ਸਿੱਖ ਜਗਤ ਦੀ ਭਾਵਨਾ ਨਾਲ ਖਿਲਵਾੜ ਕੀਤਾ ਹੈ, ਉਥੇ ਹੀ ਸਾਡੇ ਪਿੰਡ ਦਾ ਸਿਰ ਨੀਵਾਂ ਕੀਤਾ ਹੈ। ਕਿਉਂਕਿ ਦਸ਼ਮੇਸ਼ ਪਿਤਾ ਜੀ ਦੇ ਬਾਰੇ ਅਜਿਹਾ ਸ਼ਬਦ ਬੋਲਣਾ ਕੋਈ ਸਿੱਖ ਸੰਗਤ ਬਰਦਾਸ਼ਤ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ: ਥਾਲੀਆਂ ਖੜਕਾ ਕੇ ਬੱਚਿਆਂ ਨੇ ਕੀਤੀ ਮੋਦੀ ਨੂੰ ਅਪੀਲ ‘ਮਨ ਕੀ ਬਾਤ ਨਹੀਂ ਕਿਸਾਨਾਂ ਨਾਲ ਬਾਤ ਕਰੋ’

ਕੀ ਕਹਿੰਦੇ ਹਨ ਥਾਣਾ ਮੁੱਖੀ—
ਸ੍ਰੀ ਹਰਗੋਬਿੰਦਪੁਰ ਦੇ ਥਾਣਾ ਮੁੱਖੀ ਬਲਜੀਤ ਕੌਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਵਿਖੇ 250 ਜੱਥੇਬੰਦੀਆਂ ਸਮਾਜ ਸੇਵੀ ਇਕੱਤਰ ਹੋ ਕੇ ਆਈਆਂ ਹਨ। ਜਿਸ ਕਰਕੇ ਅਸੀ ਹਰਮਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠੀਕਰੀਵਾਲ ਸਮਾਜ ਸੇਵਕ ਸੰਸਥਾਂ ਦੇ ਬਿਆਨਾਂ ਦੇ ਆਧਾਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਿਲਾਫ਼ ਵੀਡੀਓ ਵਾਇਰਲ ਕਰਨ ਵਾਲੇ ਪਲਵਿੰਦਰ ਸਿੰਘ ਵਾਸੀ ਕੈਨੇਡਾ ਦੇ ਐੱਫ.ਆਈ.ਆਰ. ਨੰਬਰ 266 ਧਾਰਾ 295-ਏ, 66 ਏ.ਆਈ.ਡੀ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਇਸ ਸਬੰਧੀ ਜੋ ਸਮਾਜ ਸੇਵਕ ਜੱਥੇਬੰਦੀਆਂ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਵੇਂ ਫੈਸਲਾ ਲੈਣਗੇ ਪੁਲਸ ਉਸ ਨੂੰ ਲਾਗੂ ਕਰੇਗੀ।


Shyna

Content Editor

Related News