353ਵਾਂ ਪ੍ਰਕਾਸ਼ ਪੁਰਬ : ਨਵਾਂ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ

01/01/2020 2:30:12 PM

ਪਟਨਾ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ, ਸੰਦੀਪ ਸਿੰਘ) - ਫਿਰ ਤੋਂ ਮੁਹੱਬਤ, ਰੂਹਾਨੀਅਤ ਅਤੇ ਸੇਵਾ ਦੀ ਕਹਾਣੀ ਹਰ ਸਾਲ ਵਾਂਗ ਸ਼ੁਰੂ ਹੋ ਗਈ ਹੈ। ਸੰਗਤਾਂ ਦੇ ਜ਼ਿਕਰ 'ਚ ਫਿਰ ਤੋਂ ਬਿਹਾਰ ਦੀ ਪ੍ਰਾਹੁਣਾਚਾਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਰਧਾ, ਸੇਵਾ ਸਮਰਪਣ ਦੀਆਂ ਗੱਲਾਂ ਜ਼ੁਬਾਨ 'ਤੇ ਹਨ। ਗੁਰਦਾਸਪੁਰ ਤੋਂ ਆਏ ਗੁਰਪਾਲ ਸਿੰਘ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਵਰ੍ਹੇ ਪ੍ਰਕਾਸ਼ ਪੁਰਬ ਮੌਕੇ ਉਹ ਪਹਿਲੀ ਵਾਰ ਪਟਨਾ ਸਾਹਿਬ ਪਹੁੰਚੇ ਹਨ ਅਤੇ ਉਨ੍ਹਾਂ ਦਾ ਤਜਰਬਾ ਸੁਲਤਾਨਪੁਰ ਲੋਧੀ ਤੋਂ ਜ਼ਿਆਦਾ ਵਧੀਆ ਰਿਹਾ ਹੈ। ਉਨ੍ਹਾਂ ਮੁਤਾਬਕ ਇਹ ਇੰਝ ਇਸ ਕਰਕੇ ਹੈ ਕਿਉਂਕਿ ਇਥੇ ਉਨ੍ਹਾਂ ਨੂੰ ਸਿਆਸੀ ਆਗੂਆਂ ਦਾ ਵੀ. ਆਈ. ਪੀ. ਕਲਚਰ ਮਹਿਸੂਸ ਨਹੀਂ ਹੁੰਦਾ। ਰਾਤ ਨੂੰ ਗੰਗਾ ਦੇ ਕੰਢੇ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਬਹੁਤ ਸਾਰੀਆਂ ਸੰਗਤਾਂ ਨਵੇਂ ਸਾਲ ਦੀ ਆਮਦ ਮੌਕੇ ਸਿਜਦਾ ਕਰਨ ਪਹੁੰਚੀਆਂ ਹਨ। ਕੀਰਤਨ ਦਾ ਪ੍ਰਵਾਹ ਹੈ। ਰੌਣਕ ਬਾਜ਼ਾਰ ਵਿਚ ਸੰਗਤਾਂ ਦਾ ਸੈਲਾਬ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਪਾਲ਼ੇ ਦੇ ਜ਼ੋਰ ਵਿਚ ਵੀ ਰੂਹਾਨੀਅਤ ਦਾ ਨਿੱਘ ਮਾਣ ਰਹੀਆਂ ਹਨ। ਇਨ੍ਹਾਂ ਤਿੰਨ ਦਿਨਾਂ ਵਿਚ ਪਟਨਾ ਸਾਹਿਬ ਸੌਣ ਵਾਲਾ ਨਹੀਂ ਹੈ।

PunjabKesari

ਸੰਗਤਾਂ ਦੀ ਸੇਵਾ ਲਈ ਹਰਦਮ ਤਿਆਰ 'ਹੈਲਪ ਡੈਸਕ'
ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪਟਨਾ ਸਾਹਿਬ ਵਿਖੇ 15 ਹੈਲਪ ਡੈਸਕ ਬਣਾਏ ਗਏ ਹਨ। ਇਨ੍ਹਾਂ ਹੈਲਪ ਡੈਸਕਾਂ 'ਤੇ 24 ਘੰਟੇ ਦੀਆਂ ਤਿੰਨ ਸ਼ਿਫਟਾਂ ਹਨ। ਹਰ ਡੈਸਕ 'ਤੇ ਇਕ ਸ਼ਿਫਟ ਵਿਚ 9 ਬੰਦੇ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਰਹਿ ਰਹੇ ਹਨ। ਇਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਜਾਣ ਲਈ ਹਰ ਤਰ੍ਹਾਂ ਦੀ ਆਵਾਜਾਈ ਦੀ ਸਹੂਲਤ ਤੋਂ ਲੈ ਕੇ ਪੀਣ ਲਈ ਪਾਣੀ ਦਾ ਪ੍ਰਬੰਧ ਅਤੇ ਸਿਹਤ ਸਹੂਲਤਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ 'ਤੇ ਬਣੇ ਹੈਲਪ ਡੈਸਕ ਤੋਂ ਸਤਿੰਦਰ ਕੁਮਾਰ ਦੱਸਦੇ ਹਨ ਕਿ ਹਰ ਹੈਲਪ ਡੈਸਕ ਸੁਰੱਖਿਆ ਦੇ ਲਿਹਾਜ਼ ਵਿਚ ਬਿਹਾਰ ਪੁਲਸ ਨਾਲ ਸੰਪਰਕ ਵਿਚ ਹੈ। ਸਿਹਤ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਹਰ ਹੈਲਪ ਡੈਸਕ ਨੂੰ 7 ਹਸਪਤਾਲਾਂ ਦੇ ਨਾਲ ਜੋੜਿਆ ਗਿਆ ਹੈ। ਜਿਨ੍ਹਾਂ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਨਾਲ ਨਜਿੱਠਣ ਲਈ 38 ਆਈ. ਸੀ. ਯੂ. ਅਤੇ 50 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।

PunjabKesari

ਹੈਲਪ ਡੈਸਕ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਸਾਹਿਬ ਦੀ ਇਤਿਹਾਸਕ ਨਗਰੀ ਰਾਜਗੀਰ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ 90 ਬੱਸਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਇਹ ਬੱਸਾਂ ਪਟਨਾ ਸਾਹਿਬ ਤੋਂ 125 ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੀਆਂ ਹਨ। ਇਸ ਲਈ ਸੰਗਤਾਂ ਕਿਸੇ ਵੀ ਹੈਲਪ ਡੈਸਕ ਤੋਂ ਰਾਜਗੀਰ ਜਾਣ ਲਈ ਸੰਪਰਕ ਕਰ ਸਕਦੀਆਂ ਹਨ। ਪਟਨਾ ਸਾਹਿਬ ਦੀਆਂ ਭੀੜੀਆਂ ਗਲੀਆਂ ਨੂੰ ਧਿਆਨ ਵਿਚ ਰੱਖਦਿਆਂ 200 ਈ-ਰਿਕਸ਼ਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 42 ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਰੇਲ ਮਹਿਕਮੇ ਵੱਲੋਂ 17 ਰੇਲ ਗੱਡੀਆਂ ਵੀ ਗੁਰਪੁਰਬ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚ ਰਹੀਆਂ ਹਨ। ਸਤਿੰਦਰ ਕੁਮਾਰ ਮੁਤਾਬਕ ਦੇਸ਼ ਭਰ ਵਿਚ ਪੈ ਰਹੀ ਭਾਰੀ ਧੁੰਦ ਕਰਕੇ ਫਿਲਹਾਲ ਕਈ ਉਡਾਨਾਂ ਰੱਦ ਵੀ ਹੁੰਦੀਆਂ ਰਹੀਆਂ ਹਨ ਪਰ ਇਸ ਸਭ ਦੇ ਬਾਵਜੂਦ ਇਕੱਲੇ ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ ਤੋਂ ਹੀ ਰੋਜ਼ਾਨਾ 200-300 ਦੀ ਗਿਣਤੀ ਤੱਕ ਸੰਗਤਾਂ ਪਟਨਾ ਸਾਹਿਬ ਦਰਸ਼ਨਾਂ ਨੂੰ ਪਹੁੰਚ ਰਹੀਆਂ ਹਨ।

PunjabKesari

ਬਦਲਦਾ ਬਿਹਾਰ : ਮੁਹੱਬਤ ਸੰਗ ਦਰਸ਼ਨਾਂ ਨੂੰ ਆਉਂਦੇ ਬਿਹਾਰੀ ਸਿੱਖ
ਭੁਪਿੰਦਰ ਸਿੰਘ ਟੁਟੇਜਾ ਆਪਣੀ ਕੁੜੀ ਸਾਵੀ ਨਾਲ ਨਾਗਪੁਰ ਤੋਂ ਪਟਨਾ ਸਾਹਿਬ ਪ੍ਰਕਾਸ਼ ਪੁਰਬ ਮੌਕੇ ਪਹੁੰਚੇ ਹਨ। ਭੁਪਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਬਿਹਾਰ 'ਚ ਹੀ ਹੋਇਆ ਸੀ। ਉਨ੍ਹਾਂ ਦਾ ਸ਼ਹਿਰ ਪਟਨਾ ਸਾਹਿਬ ਤੋਂ 200 ਕਿਲੋਮੀਟਰ ਦੂਰ ਸਿਵਾਨ ਹੈ।ਜਸਪਾਲ ਸਿੰਘ ਅਤੇ ਗੁਰਮੀਤ ਕੌਰ ਦਿੱਲੀ ਤੋਂ ਪਟਨਾ ਸਾਹਿਬ ਪਹੁੰਚੇ ਹਨ। ਜਸਪਾਲ ਸਿੰਘ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਨੰਗਲ ਬਾਜ਼ਾਰ ਦੀ ਰਹਿਣ ਵਾਲੀ ਸੀ ਜੋ ਵਿਆਹ ਤੋਂ ਬਾਅਦ ਪਟਨਾ ਸਾਹਿਬ ਆ ਗਈ। ਦੋਵਾਂ ਦੀ ਕਹਾਣੀ ਇਕੋ ਜਿਹੀ ਹੈ। ਜਸਪਾਲ ਸਿੰਘ ਅਤੇ ਭੁਪਿੰਦਰ ਸਿੰਘ ਟੁਟੇਜਾ ਬਿਹਾਰ ਦੇ ਉਸ ਦੌਰ ਦੀਆਂ ਗੱਲਾਂ ਕਰਦੇ ਹਨ ਜਦੋਂ ਇਥੇ ਗੁੰਡਾ ਰਾਜ ਸੀ ਅਤੇ ਦਹਿਸ਼ਤ ਵਿਚ ਚੱਤੋਪਹਿਰ ਬੰਦਾ ਡਰਿਆ ਰਹਿੰਦਾ ਸੀ।

PunjabKesari

ਦਰਸ਼ਨਾਂ ਨੂੰ ਆਏ ਜਸਪਾਲ ਸਿੰਘ ਅਤੇ ਭੁਪਿੰਦਰ ਸਿੰਘ ਇਕ ਦਿਨ ਬਿਹਾਰ ਦੀ ਇਸੇ ਲੱਚਰ ਵਿਵਸਥਾ ਤੋਂ ਤੰਗ ਆ ਕੇ ਦੂਜੇ ਸ਼ਹਿਰਾਂ ਨੂੰ ਪਲਾਇਨ ਕਰ ਗਏ ਸਨ । ਇਨ੍ਹਾਂ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਬਿਹਾਰ ਬਦਲਿਆ ਬਦਲਿਆ ਮਹਿਸੂਸ ਹੁੰਦਾ ਹੈ। ਆਪਣਾ ਤਜਰਬਾ ਸਾਂਝਾ ਕਰਦੇ ਹੋਏ ਉਹ ਦੱਸਦੇ ਹਨ ਕਿ ਬਿਹਾਰ ਨੇ ਆਪਣੀ ਦਿੱਖ ਨੂੰ ਲੈ ਕੇ ਬਹੁਤ ਮਿਹਨਤ ਕੀਤੀ ਹੈ, ਬੇਸ਼ੱਕ ਅਜੇ ਵੀ ਬਹੁਤ ਸਾਰੀਆਂ ਘਾਟਾਂ ਕਿਉਂ ਨਾ ਹੋਣ। ਗੁਰਮੀਤ ਕੌਰ ਇਸ ਦੌਰ ਦੇ ਤਮਾਮ ਸਿਆਸੀ ਸਮੀਕਰਨਾਂ ਉੱਤੇ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਜਿਸ ਬਿਹਾਰ ਤੋਂ ਅਸੀਂ ਭੱਜੇ ਸਾਂ ਉਹ ਬਿਹਾਰ ਫਿਰ ਵੀ ਫਿਰਕੂ ਤੰਗਦਿਲੀ ਨਜ਼ਰੀਏ ਤੋਂ ਦੂਰ ਹੀ ਰਿਹਾ ਸੀ। ਉਨ੍ਹਾਂ ਮੁਤਾਬਕ ਹੁਣ ਦਾ ਦੇਸ਼ ਦਿਖਾਵੇ ਦਾ ਦੇਸ਼ ਹੈ। ਆਪਣੀ ਗੱਲ ਨੂੰ ਸਮੇਟਦੇ ਹੋਏ ਗੁਰਮੀਤ ਕੌਰ ਕਹਿੰਦੇ ਹਨ ਕਿ ਬੇਸ਼ੱਕ ਅਸੀਂ ਦਿੱਲੀ ਆ ਗਏ ਹਾਂ ਪਰ ਉਨ੍ਹਾਂ ਦੇ ਪਤੀ ਜਸਪਾਲ ਸਿੰਘ ਅੱਜ ਵੀ ਦਿਲੋਂ ਬਿਹਾਰੀ ਹਨ ਅਤੇ ਭੋਜਪੁਰੀ ਬੋਲ ਕੇ ਕਦੀ ਕਦੀ ਖੁਸ਼ ਹੋ ਜਾਂਦੇ ਹਨ। ਭੁਪਿੰਦਰ ਸਿੰਘ ਦੀ ਪੁੱਤਰੀ ਸਾਵੀ ਦੱਸਦੀ ਹੈ ਕਿ ਜਦੋਂ ਉਨ੍ਹਾਂ ਨੇ ਬਿਹਾਰ ਛੱਡਿਆ, ਉਦੋਂ ਉਹ ਦੋ ਸਾਲ ਦੀ ਸੀ ਪਰ ਉਨ੍ਹਾਂ ਨੂੰ ਸਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਆਉਣਾ ਚੰਗਾ ਲੱਗਦਾ ਹੈ। ਭੁਪਿੰਦਰ ਸਿੰਘ ਦੱਸਦੇ ਹਨ ਕਿ ਹਰ ਸਾਲ ਆਪਣੇ ਪਿਤਾ ਜੀ ਦੀ ਯਾਦ ਵਿਚ ਇਥੇ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ। ਉਨ੍ਹਾਂ ਮੁਤਾਬਕ ਗੁਰੂ ਸਾਹਿਬ ਦਾ ਸੰਦੇਸ਼ 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ' ਹੀ ਯਾਦ ਰੱਖ ਲਈਏ ਤਾਂ ਇਸ ਦੌਰ ਦੇ ਬਹੁਤ ਸਾਰੇ ਮਸਲਿਆਂ ਦਾ ਹੱਲ ਮਿਲ ਜਾਵੇਗਾ।

PunjabKesari

PunjabKesari


rajwinder kaur

Content Editor

Related News