ਪ੍ਰਕਾਸ਼ ਪੁਰਬ ਵਿਸ਼ੇਸ਼ : ਧੰਨ-ਧੰਨ ‘ਸ੍ਰੀ ਗੁਰੂ ਅਮਰਦਾਸ ਜੀ’
Wednesday, May 06, 2020 - 09:56 AM (IST)
ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਬਾਸਰਕੇ ਵਿਖੇ 5 ਮਈ 1479 ਈਸਵੀ (8 ਜੇਠ, ਵਿਸਾਖ ਸੁਦੀ 14, ਸੰਮਤ 1536) ਨੂੰ ਤੇਜ ਭਾਨ ਭੱਲਾ ਖੱਤਰੀ ਜੀ ਦੇ ਗ੍ਰਹਿ ਵਿਖੇ ਮਾਤਾ ਸੁਲੱਖਣੀ ਜੀ (ਲਖਮੀ ਜੀ) ਦੀ ਕੁੱਖੋਂ ਹੋਇਆ। ਆਪ ਜੀ ਦੇ ਮਾਤਾ-ਪਿਤਾ ਜੀ ਬਹੁਤ ਧਾਰਮਿਕ ਤੇ ਉੱਚੇ-ਸੁੱਚੇ ਜੀਵਨ ਵਾਲੇ ਸਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਗੁਰੂ ਜੀ ਵੀ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਸਿੱਖਾਂ ਦੇ ਤੀਜੇ ਸਤਿਗੁਰੂ ਸਨ। ਆਪ ਜੀ ਦੁਨਿਆਵੀ ਉਮਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਛੋਟੇ ਸਨ। ਉਂਝ ਗੁਰਗੱਦੀ 'ਤੇ ਬੈਠਣ ਸਮੇਂ ਵੀ ਆਪ ਜੀ ਦੀ ਆਯੂ ਸਭ ਤੋਂ ਵੱਡੀ ਸੀ ਤੇ ਸਭ ਤੋਂ ਲੰਮੀ ਆਯੂ ਵੀ ਆਪ ਜੀ ਨੇ ਹੀ ਭੋਗੀ।
ਗੁਰੂ ਅਮਰਦਾਸ ਜੀ ਨੇ ਕਈ ਕ੍ਰਾਂਤੀਕਾਰੀ ਪਰਿਵਰਤਨ ਕੀਤੇ। ਆਪ ਜੀ ਨੇ ਸਭ ਤੋਂ ਮਹਾਨ ਕੰਮ ਸੰਗਤ ਪੰਗਤ ਦਾ ਕੀਤਾ। ਗੋਇੰਦਵਾਲ ਸਾਹਿਬ ਵਿਖੇ ਇਹ ਗੱਲ ਪ੍ਰਸਿੱਧ ਸੀ ਕਿ ਜੇਕਰ ਕਿਸੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾਣਾ ਹੈ ਤਾਂ ਪਹਿਲਾਂ ਪੰਗਤ ਵਿਚ ਸਾਰਿਆਂ ਦੇ ਨਾਲ ਬੈਠ ਕੇ ਲੰਗਰ ਛਕਣਾ ਪਵੇਗਾ। 'ਪਹਿਲੋਂ ਪੰਗਤ ਪਾਛੈ ਸੰਗਤ' ਦੀ ਪ੍ਰਥਾ ਤੀਜੇ ਸਤਿਗੁਰੂ ਜੀ ਨੇ ਹੀ ਸ਼ੁਰੂ ਕੀਤੀ ਸੀ। ਆਪ ਜੀ ਪੱਕੇ ਵੈਸ਼ਨਵ ਸਨ ਤੇ ਆਪਣੇ ਪਿਤਾ ਜੀ ਵਾਂਗ ਹਰ ਸਾਲ ਗੰਗਾ ਜੀ ਦੇ ਦਰਸ਼ਨਾਂ ਲਈ ਵੀ ਜਾਇਆ ਕਰਦੇ ਸਨ।
24 ਸਾਲ ਦੀ ਉਮਰ ਵਿਚ ਆਪ ਜੀ ਦੀ ਸ਼ਾਦੀ ਸਣਖਤਰੇ ਪਿੰਡ ਦੇ ਸ਼੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਬੇਟੀ ਰਾਮ ਕੌਰ (ਮਣਸਾ ਦੇਵੀ ਜੀ) ਨਾਲ ਹੋ ਗਈ ਸੀ। ਆਪ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਬੇਟੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ। ਆਪ ਜੀ 20 ਸਾਲ ਲਗਾਤਾਰ ਗੰਗਾ ਜੀ ਦੇ ਦਰਸ਼ਨਾਂ ਲਈ ਜਾਂਦੇ ਰਹੇ। ਜਦੋਂ 20ਵੀਂ ਵਾਰੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ ਤਾਂ ਇਕ ਸਾਧੂ ਨੇ ਆਪ ਜੀ ਨੂੰ ਪੁੱਛਿਆ ਕਿ ਆਪ ਜੀ ਦਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਆਪਣਾ ਕੋਈ ਵੀ ਗੁਰੂ ਹੋਣ ਤੋਂ ਇਨਕਾਰ ਕਰ ਦਿੱਤਾ। ਉਸ ਸਾਧੂ ਨੇ ਕਿਹਾ ਕਿ ਜਦ ਤਕ ਮਨੁੱਖ ਕਿਸੇ ਗੁਰੂ ਦੀ ਸ਼ਰਨ ਵਿਚ ਨਹੀਂ ਜਾਂਦਾ ਤਦ ਤਕ ਉਸ ਨੂੰ ਆਤਮਿਕ ਸੁਖ ਮਿਲ ਹੀ ਨਹੀਂ ਸਕਦਾ।
ਉਹ ਇਹ ਸੁਣ ਕੇ ਬਹੁਤ ਬੇਚੈਨ ਹੋ ਗਏ ਤੇ ਸਾਰੀ ਰਾਤ ਨੀਂਦ ਨਾ ਪਈ। ਉਨ੍ਹਾਂ ਨੂੰ ਆਪਣੇ ਨਿਗੁਰੇ ਹੋਣ ਦੀ ਚਿੰਤਾ ਵੱਢ-ਵੱਢ ਖਾ ਰਹੀ ਸੀ। ਅੰਮ੍ਰਿਤ ਵੇਲੇ ਉਨ੍ਹਾਂ ਦੇ ਕੰਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪਏ ਤੇ ਮਿੱਠੀ ਆਵਾਜ਼ ਵਿਚ ਇਹ ਸ਼ਬਦ ਕੋਈ ਹੋਰ ਨਹੀਂ ਬਲਕਿ ਬੀਬੀ ਅਮਰੋ ਜੀ ਹੀ ਗਾ ਰਹੇ ਸਨ। ਨਾਲ ਦੀ ਨਾਲ ਦੁੱਧ ਵੀ ਰਿੜਕੀ ਜਾ ਰਹੇ ਸਨ। ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਸਨ, ਜੋ ਕਿ ਆਪ ਜੀ ਦੇ ਭਰਾ ਦੇ ਲੜਕੇ ਨੂੰ ਵਿਆਹੇ ਹੋਏ ਸਨ। ਆਪ ਜੀ ਬੀਬੀ ਅਮਰੋ ਦੇ ਸਹੁਰੇ ਦੇ ਥਾਂ ਲੱਗਦੇ ਸਨ ਪਰ ਗੁਰਬਾਣੀ ਦੀ ਆਵਾਜ਼ ਸੁਣ ਕੇ ਉਹ ਰਹਿ ਨਾ ਸਕੇ ਤੇ ਦੁਨਿਆਵੀ ਰੀਤੀ-ਮਰਿਆਦਾ ਨੂੰ ਪਾਸੇ ਛੱਡਦੇ ਹੋਏ ਬੀਬੀ ਅਮਰੋ ਜੀ ਕੋਲ ਜਾ ਖਲੋਤੇ। ਬੀਬੀ ਅਮਰੋ ਜੀ ਇਹ ਸ਼ਬਦ ਗਾ ਰਹੇ ਸਨ :
'ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ।।
ਚਿਤ ਚੇਤਸਿ ਕੀ ਨਹੀ ਬਾਵਰਿਆ।। ਹਰਿ ਬਿਸਰਤ ਤੇਰੇ ਗੁਣ ਗਲਿਆ।।1।।
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ।।
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ।।2।।
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ।।
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਰੀ ਚਿੰਤ ਭਈ।।3।।
ਭਇਆ ਮਨੂਰੁ ਕੰਚਨ ਫਿਰਿ ਹੋਵੈ ਜੇ ਗੁਰ ਮਿਲੈ ਤਿਨੇਹਾ।।
ਏਕੁ ਨਾਮੁ ਅੰਮ੍ਰਿਤ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ।।4।।
ਉਨ੍ਹਾਂ ਨੇ ਕਿਹਾ ਕਿ ਪੁੱਤਰੀ ਤੁਸੀਂ ਕਿਸਦਾ ਕਲਾਮ ਗਾ ਰਹੇ ਹੋ? ਬੀਬੀ ਅਮਰੋ ਜੀ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਹਨ ਤੇ ਉਨ੍ਹਾਂ ਦੇ ਥਾਂ 'ਤੇ ਅੱਜਕਲ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ ਜੋ ਕਿ ਮੇਰੇ ਪਿਤਾ ਜੀ ਹਨ। ਆਪ ਜੀ ਨੇ ਕਿਹਾ ਕਿ, ''ਪੁੱਤਰੀ ਕੀ ਤੁਸੀਂ ਮੈਨੂੰ ਉਨ੍ਹਾਂ ਮਹਾਂਪੁਰਖਾਂ ਦੇ ਦਰਸ਼ਨ ਕਰਵਾ ਸਕਦੇ ਹੋ?'' ਬੀਬੀ ਅਮਰੋ ਜੀ ਨੇ ਹਾਮੀ ਭਰ ਦਿੱਤੀ। ਇਸ ਵੇਲੇ ਆਪ ਜੀ ਦੀ ਦੁਨਿਆਵੀ ਉਮਰ ਲਗਭਗ 61 ਕੁ ਸਾਲ ਦੀ ਸੀ ਤੇ ਆਪ ਜੀ ਕੁਝ ਦਿਨ ਬਾਅਦ ਹੀ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਨੂੰ ਚਲੇ ਗਏ ਤਾਂ ਜੋ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰ ਸਕਣ।
ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਸਦਾ ਹੀ ਗੁਰੂ ਜੀ ਦੇ ਹੋ ਕੇ ਰਹਿ ਗਏ। ਹਾਲਾਂਕਿ ਆਪ ਜੀ ਗੁਰੂ ਜੀ ਦੇ ਕੁੜਮ ਲੱਗਦੇ ਸਨ ਤੇ ਗੁਰੂ ਅੰਗਦ ਦੇਵ ਜੀ ਨੇ ਵੀ ਦੁਨਿਆਵੀ ਰਿਸ਼ਤੇ ਨੂੰ ਮੁੱਖ ਰੱਖਦਿਆਂ ਆਪ ਦੇ ਸਤਿਕਾਰ ਵਿਚ ਖੜ੍ਹੇ ਹੋ ਕੇ ਸਵਾਗਤ ਕਰਨਾ ਚਾਹਿਆ ਪਰ ਆਪ ਜੀ ਪਹਿਲਾਂ ਹੀ ਗੁਰੂ ਸਾਹਿਬ ਦੇ ਚਰਨਾਂ 'ਤੇ ਢਹਿ ਪਏ। ਹੁਣ ਖਡੂਰ ਸਾਹਿਬ ਵਿਖੇ ਹੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨ ਲੱਗ ਪਏ। ਲੰਗਰ ਵਿਚ ਬਰਤਨ ਸਾਫ ਕਰਨੇ, ਸੰਗਤਾਂ ਲਈ ਜਲ ਦਾ ਪ੍ਰਬੰਧ ਕਰਨਾ ਅਤੇ ਬਿਆਸ ਦਰਿਆ ਤੋਂ ਗੁਰੂ ਜੀ ਦੇ ਇਸ਼ਨਾਨ ਲਈ ਤਾਜ਼ੇ ਪਾਣੀ ਦੀ ਰੋਜ਼ਾਨਾ ਗਾਗਰ ਭਰ ਕੇ ਲਿਆਉਣਾ ਆਪ ਜੀ ਦੀ ਨਿਤ ਕਿਰਿਆ ਵਿਚ ਸ਼ਾਮਿਲ ਹੋ ਗਿਆ। ਆਪ ਜੀ ਦੀ ਅਪਾਰ ਸੇਵਾ ਅਤੇ ਆਪ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਾਰਨ ਆਪ ਜੀ ਨੂੰ ਗੁਰੂ ਜੀ ਨੇ ਗੁਰਗੱਦੀ ਦੇ ਲਈ ਸਭ ਤੋਂ ਯੋਗ ਜਾਣਦਿਆਂ 29 ਮਾਰਚ 1552 ਈਸਵੀ ਨੂੰ ਆਪ ਜੀ ਨੂੰ ਤੀਸਰਾ ਗੁਰੂ ਥਾਪ ਦਿੱਤਾ।
ਉਨ੍ਹਾਂ ਨੇ ਗੁਰੂ ਬਣਨ ਤੋਂ ਬਾਅਦ ਕਈ ਕ੍ਰਾਂਤੀਕਾਰੀ ਕੰਮ ਕੀਤੇ। ਗੋਇੰਦਵਾਲ ਨਾਂ ਦਾ ਨਗਰ ਵਸਾਇਆ ਤੇ ਜਨਤਾ ਦੀ ਪਾਣੀ ਦੀ ਕਮੀ ਦੂਰ ਕਰਨ ਲਈ ਉਥੇ ਇਕ ਬਾਉਲੀ ਬਣਾਈ। ਧਾਰਮਿਕ ਤੇ ਆਤਮਿਕ ਸਿੱਖਿਆ ਦੇ ਨਾਲ-ਨਾਲ ਆਪ ਜੀ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਬਹੁਤ ਅਣਥੱਕ ਯਤਨ ਕੀਤੇ। ਆਪ ਜੀ ਨੇ ਸਤੀ ਪ੍ਰਥਾ ਦਾ ਡਟ ਕੇ ਵਿਰੋਧ ਕੀਤਾ।
ਔਰਤਾਂ ਨੂੰ ਪਰਦੇ ਦੀ ਪ੍ਰੰਰਪਰਾ ਤੋਂ ਮੁਕਤੀ ਦਿਵਾਈ। ਵਿਧਵਾ ਵਿਆਹ ਜੋ ਕਿ ਉਸ ਵੇਲੇ ਪਾਪ ਮੰਨਿਆ ਜਾਂਦਾ ਸੀ, ਉਸ ਕੁਰੀਤੀ ਦੇ ਵਿਰੁੱਧ ਆਪ ਜੀ ਨੇ ਡਟ ਕੇ ਆਵਾਜ਼ ਉਠਾਈ ਤੇ ਵਿਧਵਾ ਨੂੰ ਆਪਣੀ ਮਰਜ਼ੀ ਨਾਲ ਦੁਬਾਰਾ ਵਿਆਹ ਕਰਵਾਉਣ ਦੀ ਖੁੱਲ੍ਹ ਦਿੱਤੀ। ਛੂਤ-ਛਾਤ ਅਤੇ ਜਾਤ-ਪਾਤ ਦੇ ਵਿਰੁੱਧ ਆਪ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਸਾਰਿਆਂ ਨੂੰ ਹੀ ਇਕ ਪਿਤਾ ਪਰਮਾਤਮਾ ਦੀ ਔਲਾਦ ਦੱਸਿਆ। ਬਾਦਸ਼ਾਹ ਅਕਬਰ ਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਸਾਰਿਆਂ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪਿਆ।
ਗੁਰੂ ਜੀ ਨੇ ਜਾਤ-ਪਾਤ ਨੂੰ ਤੋੜਦਿਆਂ ਇਕ ਕੋਹੜੀ ਪ੍ਰੇਮਾ ਨੂੰ ਪਹਿਲਾਂ ਤਾਂ ਰੋਗ ਮੁਕਤ ਕੀਤਾ ਤੇ ਫਿਰ ਉਸਦੀ ਸ਼ਾਦੀ ਸ਼ੀਂਹੇ ਉੱਪਲ ਦੀ ਬੇਟੀ ਮਥੋ ਨਾਲ ਕੀਤੀ।
ਸੱਚਨ ਸੱਚ ਦੀ ਸ਼ਾਦੀ ਵੀ ਜਾਤ-ਪਾਤ ਦਾ ਖਿਆਲ ਕੀਤੇ ਬਿਨਾਂ ਕਰਵਾਈ। ਇਹ ਹੀ ਨਹੀਂ ਕਿ ਦੂਜਿਆਂ ਦੀਆਂ ਹੀ ਸ਼ਾਦੀਆਂ ਜਾਤ-ਪਾਤ ਦਾ ਖਿਆਲ ਕੀਤੇ ਬਿਨਾਂ ਕੀਤੀਆਂ, ਆਪਣੀਆਂ ਪੁੱਤਰੀਆਂ ਦੀਆਂ ਸ਼ਾਦੀਆਂ ਵੀ ਇਸੇ ਨਿਯਮ ਅਨੁਸਾਰ ਕੀਤੀਆਂ। ਆਪਣੀ ਬੇਟੀ ਬੀਬੀ ਭਾਨੀ ਜੀ ਦੀ ਸ਼ਾਦੀ ਇਕ ਅਨਾਥ ਸਮਝੇ ਜਾਂਦੇ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਜੇਠਾ ਜੀ ਨਾਲ ਅਤੇ ਵੱਡੀ ਲੜਕੀ ਬੀਬੀ ਦਾਨੀ ਜੀ ਦੀ ਸ਼ਾਦੀ ਸਾਧਾਰਨ ਸਿੱਖ ਭਾਈ ਰਾਮਾ ਜੀ ਨਾਲ ਕੀਤੀ। ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦੇਣ ਦੀਆਂ ਕੇਵਲ ਗੱਲਾਂ ਹੀ ਨਹੀਂ ਕੀਤੀਆਂ ਬਲਕਿ ਲੰਗਰ ਤੇ ਸੰਗਤ ਵਿਚ ਪ੍ਰੈਕਟੀਕਲੀ ਸਭ ਨੂੰ ਬਰਾਬਰ ਅਧਿਕਾਰ ਦਿੱਤੇ। ਔਰਤਾਂ ਦੇ ਘੁੰਡ ਕੱਢਣ ਦੀ ਪ੍ਰੰਰਪਰਾ ਨੂੰ ਖਤਮ ਕੀਤਾ। ਕਿਸੇ ਬੰਦੇ ਦੀ ਮੌਤ ਮਗਰੋਂ ਜੋ ਭੈੜੀਆਂ-ਭੈੜੀਆਂ ਰੀਤੀਆਂ ਸਨ, ਉਹ ਸਾਰੀਆਂ ਬੰਦ ਕਰਵਾ ਦਿੱਤੀਆਂ।
ਗੁਰੂ ਜੀ ਨੇ ਆਪਣੇ ਦੋਵੇਂ ਪੁੱਤਰਾਂ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਨੂੰ ਸਿੱਖ ਧਰਮ ਦਾ ਮੁਖੀ ਬਣਨ ਦੇ ਅਯੋਗ ਸਮਝਿਆ ਤੇ ਭਾਈ ਜੇਠਾ ਜੀ ਨੂੰ ਰਾਮਦਾਸ ਨਾਂ ਦੇ ਕੇ ਉਨ੍ਹਾਂ ਨੂੰ ਚੌਥਾ ਗੁਰੂ ਥਾਪਿਆ। ਗੁਰੂ ਜੀ 1 ਸਤੰਬਰ 1574 ਈਸਵੀ (2 ਅੱਸੂ ਸੰਮਤ 1631) ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਥਾਪ ਕੇ ਜੋਤੀ ਜੋਤ ਸਮਾ ਗਏ।