ਸ੍ਰੀ ਦਰਬਾਰ ਸਾਹਿਬ ਵਿੱਖੇ ਹੋਈ ਘਟਨਾ ’ਤੇ ਪੁਲਸ ਕਮਿਸ਼ਨਰ ਦਾ ਬਿਆਨ, ਕਿਹਾ ‘ਨਹੀਂ ਮਿਲਿਆ ਦੋਸ਼ੀ ਦਾ ਕੋਈ ਸੁਰਾਗ’

Monday, Dec 20, 2021 - 05:01 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) - 18 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਰਹਿਰਾਸ ਪਾਠ ਦੇ ਸਮੇਂ ਨਾ ਮਾਲੂਮ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਬਦਨੀਅਤ ਕਰਨ ਦੀ ਕੋਸ਼ਿਸ਼ ਗਈ, ਜਿਸ ਨੂੰ ਮੌਕੇ ਉਤੇ ਹਾਜ਼ਰ ਸੇਵਾਦਾਰਾਂ ਨੇ ਨਾਕਾਮ ਕਰ ਦਿੱਤਾ। ਮੁਲਜ਼ਮ ਦੀ ਮੌਤ ਹੋਣ ਮਗਰੋਂ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਉਕਤ ਅਣਪਛਾਤੇ ਦੋਸ਼ੀ ਦੀ ਸ਼ਨਾਖਤ ਪੁਲਸ ਨਹੀਂ ਕਰ ਸਕੀ। ਨਾ ਹੀ ਉਸ ਕੋਲੋਂ ਕੋਈ ਅਜਿਹਾ ਦਸਾਤਵੇਜ਼ ਜਾਂ ਪਛਾਣ ਪੱਤਰ ਮਿਲਿਆ ਹੈ, ਜਿਸ ਅਧਾਰ ’ਤੇ ਪੁਲਸ ਕੇਸ ਦੀ ਤੈਅ ਤੱਕ ਪੁੱਜਦੀ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਕਥਿਤ ਦੋਸ਼ੀ ਦੀ ਪਛਾਣ ਲਈ ਲੋਕਾਂ ਕੋਲੋਂ ਸਹਿਯੋਗ ਲੈਣ ਦੇ ਆਸ਼ੇ ਨਾਲ ਉਕਤ ਵਿਅਕਤੀ ਦੀ ਤਸਵੀਰ ਜੋ ਕੰਪਲੈਕਸ ਦੇ ਵੀਡੀਓ ਕੈਮਰਿਆਂ ਨੇ ਕੈਦ ਕੀਤੀ ਸੀ, ਨੂੰ ਜਾਰੀ ਕੀਤਾ ਹੈ। 

ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਪੜਤਾਲ ਕਰਨ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕਰ ਦਿੱਤੀ ਗਈ ਹੈ, ਜੋ ਲਗਾਤਾਰ ਇਸ ਕੇਸ ਦੀ ਪੜਤਾਲ ਕਰ ਰਹੀ ਹੈ। ਹੁਣ ਤੱਕ ਦੀਆਂ ਕੋਸ਼ਿਸ਼ਾਂ ਵਿਚੋਂ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜੋ ਉਕਤ ਵਿਅਕਤੀ ਦੀ ਸ਼ਨਾਖਤ ਕਰਵਾ ਸਕੇ। ਡਾ. ਗਿਲ੍ਹ ਨੇ ਦੱਸਿਆ ਕਿ ਇਸ ਨਾ ਮਾਲੂਮ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 253 ਮਿਤੀ 19-12-2021 ਜੁਰਮ 295-ਏ, 307 ਆਈ:ਪੀ:ਸੀ ਥਾਣਾ-ਈ ਡਵੀਜਨ ਵਿੱਚ ਦਰਜ ਕਰ ਲਿਆ ਗਿਆ ਹੈ। ਇਸ ਦੋਸ਼ੀ ਦੀ ਪਹਿਚਾਣ ਅਤੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਲੈਣ ਲਈ ਦੋਸ਼ੀ ਦੀ ਫੋਟੋ ਨੂੰ ਜਨਤਕ ਕੀਤਾ ਜਾ ਰਿਹਾ ਹੈ। 

ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਸ ਕਮਿਸ਼ਨਰ ਦੇ ਮੋਬਾਇਲ ਨੰ: 97811-30101, 99157-01100, ਪਰਮਿੰਦਰ ਸਿੰਘ ਭੰਡਾਲ ਡੀ:ਸੀ:ਪੀ ਲਾਅ ਐਂਡ ਆਰਡਰ ਦੇ ਮੋਬਾਇਲ ਨੰ: 95524-00001 ਅਤੇ ਹਰਪਾਲ ਸਿੰਘ ਏ:ਡੀ:ਸੀ:ਪੀ-3 ਦੇ ਮੋਬਾਇਲ ਨੰ: 98760-19099 ਤੇ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। 


rajwinder kaur

Content Editor

Related News