17 ਕਰੋੜ ਰੁਪਏ ਨਾਲ ਚਮਕੇਗਾ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ

Thursday, Jan 04, 2018 - 06:39 PM (IST)

ਰੋਪੜ— ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀ ਕਾਂਗਰਸ 17 ਕਰੋੜ ਰੁਪਏ ਨਾਲ ਸ੍ਰੀ ਚਮਕੌਰ ਸਾਹਿਬ ਦਾ ਸੁੰਦਰੀਕਰਨ ਕਰਵਾਏਗੀ। ਇਸ ਸਬੰਧ 'ਚ ਕੇਂਦਰੀ ਸੈਰ-ਸਪਾਟਾ ਵਿਭਾਗ ਦੀ ਟੀਮ ਨਾਲ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕੀਤਾ ਅਤੇ ਇਥੇ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਚੰਨੀ ਨੇ ਅਧਿਕਾਰੀਆਂ ਨਾਲ ਗੁਰਦੁਆਰਾ ਕਤਲਗੜ੍ਹ ਸਾਹਿਬ 'ਚ ਮੱਥਾ ਟੇਕਿਆ ਅਤੇ ਤਰੱਕੀ ਦੀ ਅਰਦਾਸ ਕੀਤੀ। ਚੰਨੀ ਨੇ ਐੱਸ. ਡੀ. ਐੱਮ. ਰੂਹੀ ਦੁਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਇਸ ਪ੍ਰਾਜੈਕਟ ਦੇ ਤਹਿਤ ਹੋਣ ਵਾਲੇ ਕੰਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਪ੍ਰਾਜੈਕਟ ਤਿਆਰ ਕੀਤਾ ਹੈ। ਚੰਨੀ ਨੇ ਦੱਸਿਆ ਕਿ 17 ਕਰੋੜ ਦੇ ਇਸ ਪ੍ਰਾਜੈਕਟ ਦੇ ਅਧੀਨ ਸ੍ਰੀ ਚਮਕੌਰ ਸਾਹਿਬ ਦਾ ਸੁੰਦਰੀਕਰਨ ਕਰਕੇ ਗਲਿਆਰੇ ਬਣਾਏ ਜਾਣਗੇ। ਇਸ ਤੋਂ ਇਲਾਵਾ ਬਾਜ਼ਾਰਾਂ ਨੂੰ ਸੁੰਦਰ ਰੂਪ ਦਿੱਤਾ ਜਾਵੇਗਾ। 
ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਹਾਊਸ ਅਤੇ ਰੈਸਟੋਰੈਂਟ ਵੀ ਬਣਾਇਆ ਜਾਵੇਗਾ। ਸਰਹਿੰਦ ਨਹਿਰ ਦੇ ਕੰਢੇ ਬੋਟਿੰਗ ਕਲੱਬ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਸਬੰਧੀ 15 ਜਨਵਰੀ ਨੂੰ ਦਿੱਲੀ 'ਚ ਮੀਟਿੰਗ ਰੱਖੀ ਗਈ ਹੈ। ਚੰਨੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇੜੇ ਵਿਕਾਸ ਦੀ ਤਰਜ 'ਤੇ ਇਥੇ ਵਿਕਾਸ ਕਰਵਾਉਣ ਦਾ ਮਕਸਦ ਹੈ। ਇਸ ਦੌਰਾਨ ਕੇਂਦਰੀ ਅਤੇ ਸੈਰ ਸਪਾਟਾ ਵਿਭਾਗ ਦੇ ਚੀਫ ਇੰਜੀਨੀਅਰ ਯੋਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਇਥੇ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤਾਂ ਦੇਣ ਦਾ ਖਾਸ ਧਿਆਨ ਰੱਖਿਆ ਜਾਵੇਗਾ।


Related News