ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ, ਸਿੱਖਾਂ ਦਾ ਸਿਧਾਂਤ, ਬੜਾ ਉੱਚਾ ਤੇ ਸੁੱਚਾ ਸੰਕਲਪ ਹੈ: ਜਥੇਦਾਰ ਹਰਪ੍ਰੀਤ
Saturday, Jul 02, 2022 - 11:03 AM (IST)
ਅੰਮ੍ਰਿਤਸਰ (ਸਰਬਜੀਤ, ਸਾਗਰ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ’ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਦੁਨੀਆਂ ’ਚ ਵੱਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਹੈ। ਮੈਂ ਸਮੁੱਚੇ ਖਾਲਸਾ ਸਾਧ ਸੰਗਤ ਨੂੰ ਇਸ ਪਾਵਨ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਕੋਈ ਇਮਾਰਤ ਨਹੀਂ ਹੈ। ਇਹ ਸਿੱਖਾਂ ਦਾ ਸਿਧਾਂਤ ਹੈ। ਸਿੱਖਾਂ ਦਾ ਸੰਕਲਪ ਹੈ, ਜੋ ਬੜਾ ਉੱਚਾ ਤੇ ਸੁੱਚਾ ਸੰਕਲਪ ਹੈ। ਅੱਜ ਹਰ ਸਿੱਖ ਨੂੰ ਇਸ ਸੰਕਲਪ ਨੂੰ ਜਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਅਸੀਂ ਸਿੱਖ ਸੰਕਲਪ ਨੂੰ ਨਹੀਂ ਸਮਝਦੇ ਸਿੱਖ ਸਿਧਾਤਾਂ ਨੂੰ ਨਹੀਂ ਸਮਝਦੇ ਸਿੰਘ ਪਰੰਪਰਾਵਾਂ ਸਿੱਖ ਮਰਿਆਦਾ ਨੂੰ ਨਹੀਂ ਜਾਣਦੇ, ਅਸੀਂ ਸਿੱਖ ਧਰਮ ਨੂੰ ਬਿਲਕੁਲ ਹੀ ਨਹੀਂ ਸਮਝ ਸਕਦੇ। ਜਥੇਦਾਰ ਨੇ ਖ਼ਾਸ ਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਜ਼ਰੂਰ ਪੜ੍ਹਨ, ਬਹੁਤ ਸਾਰੀਆਂ ਪੁਸਤਕਾਂ ਅਕਾਲ ਤਖ਼ਤ ਸਾਹਿਬ ’ਤੇ ਲਿਖੀਆਂ ਗਈਆਂ ਹਨ। ਉਸ ਬਾਰੇ ਜਾਨਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਪੜ੍ਹਨ ਤੋਂ ਬਾਅਦ ਇਸ ਮਹਾਨ ਸੰਕਲਪ ਦੀ ਸਮਝ ਲੱਗੇਗੀ। ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਾਰੇ ਇਕਜੁੱਟ ਹੋ ਕੇ ਵਿਚਰੀਏ, ਫਿਰ ਅਸੀਂ ਧਾਰਮਿਕ ਤੇ ਰਾਜਨੀਤਿਕ ਤੌਰ ’ਤੇ ਮਜ਼ਬੂਤ ਹੋਵਾਂਗੇ। ਸਮਾਜਿਕ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਹੋਵਾਂਗੇ। ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਰਪਿਤ ਹੋ ਕੇ ਇਕ ਨਿਸ਼ਾਨ ਥੱਲੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਮੰਜ਼ਿਲਾਂ ਤੈਅ ਹੋਣਗੀਆਂ।