ਸ੍ਰੀ ਅਕਾਲ ਤਖ਼ਤ ਸਾਹਿਬ ਸੁਖਬੀਰ ਬਾਦਲ ਖਿਲਾਫ਼ ਕਰੇ ਕਾਰਵਾਈ : ਜਾਖੜ

01/12/2020 1:01:28 AM

ਜਲੰਧਰ/ਚੰਡੀਗੜ੍ਹ,(ਧਵਨ, ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ 'ਤੇ ਇਕ ਟੀ. ਵੀ. ਚੈਨਲ ਦੀ ਅਜਾਰੇਦਾਰੀ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਗਏ ਸਰਬ ਸਾਂਝੀਵਾਲਤਾ ਦੇ ਸਿਧਾਂਤ ਦੇ ਉਲਟ ਕਰਾਰ ਦਿੱਤਾ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨਾਲ ਸਹਿਭਾਗੀ ਹੋਣ ਤੋਂ ਫੇਸਬੁੱਕ ਨੂੰ ਰੋਕੇ ਜਾਣ ਨੂੰ ਬੇਹੱਦ ਨਿਖੇਧੀਜਨਕ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਗੁਰੂ ਮਰਿਆਦਾ ਨੂੰ ਸੱਟ ਮਾਰੇ ਜਾਣ 'ਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤੇ ਜਾਣ ਦੀ ਜਥੇਦਾਰ ਤੋਂ ਮੰਗ ਕੀਤੀ ਅਤੇ ਕਿਹਾ ਕਿ ਪੰਥਕ ਰਵਾਇਤਾਂ ਅਨੁਸਾਰ ਉਨ੍ਹਾਂ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਸੁਖਬੀਰ ਬਾਦਲ ਇਕ ਪਾਸੇ ਪਾਰਟੀ ਦੇ ਪ੍ਰਧਾਨ ਹਨ ਅਤੇ ਦੂਜੇ ਪਾਸੇ ਉਹ ਚੈਨਲ ਦੇ ਮਾਲਕ ਵੀ ਹਨ। ਐੱਸ. ਜੀ. ਪੀ. ਸੀ. ਦਾ ਪ੍ਰਧਾਨ ਵੀ ਉਨ੍ਹਾਂ ਨੇ ਖੁਦ ਨੂੰ ਬਣਾਇਆ ਹੋਇਆ ਹੈ, ਇਸ ਲਈ ਪੰਥਕ ਪਾਰਟੀ ਦੇ ਪ੍ਰਧਾਨ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣ 'ਚ ਉਨ੍ਹਾਂ ਦੇ ਨਾਕਾਮ ਰਹਿਣ 'ਤੇ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ 'ਚ ਦਖ਼ਲ ਦੇਣ ਦੀ ਜ਼ਰੂਰਤ ਹੈ ਅਤੇ ਗੁਰਬਾਣੀ ਤੱਕ ਸਭਨਾਂ ਦੀ ਪਹੁੰਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਗੁਰੂ ਸਾਹਿਬਾਨ ਨੇ ਇਸ ਪਵਿੱਤਰ ਸਥਾਨ ਨੂੰ ਸਭ ਲਈ ਸਾਂਝਾ ਬਣਾਇਆ ਸੀ, ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਭਨਾਂ ਧਰਮਾਂ ਅਤੇ ਵਰਗਾਂ ਲਈ ਇਕ ਸਮਾਨ ਹੈ। ਅਜਿਹੀ ਸਥਿਤੀ 'ਚ ਗੁਰਬਾਣੀ ਦੇ ਪ੍ਰਸਾਰਣ 'ਤੇ ਕਿਸੇ ਨਿੱਜੀ ਸੰਸਥਾ ਵੱਲੋਂ ਆਪਣੇ ਵਪਾਰਕ ਹਿੱਤਾਂ ਦੀ ਖਾਤਰ ਰੋਕ ਲਾਉਣਾ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ। ਐੱਸ. ਜੀ. ਪੀ. ਸੀ. ਜਿਹੜੀ ਕਿ ਸਿੱਧੇ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਬਜ਼ੇ ਹੇਠ ਹੈ, ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਰਬ ਸਾਂਝੀਵਾਰਤਾ ਦੇ ਸਿਧਾਂਤ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਾਜ 'ਚ ਗੁਰਬਾਣੀ ਦੇ ਪ੍ਰਸਾਰਣ ਨੂੰ ਕਿਸੇ ਇਕ ਚੈਨਲ ਦੀ ਮਾਲਕੀਅਤ ਬਣਾਉਣ ਦੀਆਂ ਸਾਜ਼ਿਸ਼ਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਕਾਲੀ ਦਲ ਦੀ ਸਾਰੀ ਰਾਜਨੀਤੀ ਧਰਮ 'ਤੇ ਆਧਾਰਿਤ ਰਹੀ ਹੈ ਅਤੇ ਇਸ ਦੇ ਆਗੂ ਪਾਰਟੀ ਨੂੰ ਪੰਥਕ ਪਾਰਟੀ ਆਖਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਹੁਣ ਬਾਦਲ ਅਕਾਲੀ ਦਲ ਬਣ ਕੇ ਰਹਿ ਗਿਆ ਹੈ। ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸੁਖਬੀਰ ਦੇ ਚਹੇਤੇ ਚੈਨਲ ਨੂੰ ਦੇ ਕੇ ਗੁਰਬਾਣੀ ਦੀ ਬੇਅਦਬੀ ਕੀਤੀ ਜਾ ਰਹੀ ਹੈ।

ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ 'ਤੇ ਕਿਸੇ ਚੈਨਲ ਵਿਸ਼ੇਸ਼ ਨੂੰ ਦਿੱਤੇ ਅਧਿਕਾਰ ਤੁਰੰਤ ਰੱਦ ਕੀਤੇ ਜਾਣ ਅਤੇ ਪਵਿੱਤਰ ਹੁਕਮਨਾਮੇ ਦੀ ਆਡੀਓ ਅਤੇ ਵੀਡੀਓ ਫੇਸਬੁੱਕ ਜਾਂ ਕਿਸੇ ਹੋਰ ਮਾਧਿਅਮ ਦੀ ਹਿੱਸੇਦਾਰੀ 'ਤੇ ਲਾਈ ਰੋਕ ਤੁਰੰਤ ਹਟਾਈ ਜਾਵੇ। ਸ੍ਰੀ ਦਰਬਾਰ ਸਾਹਿਬ ਤੋਂ ਸਭਨਾਂ ਚੈਨਲਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਨਿੱਜੀ ਦਖ਼ਲ ਦੇ ਕੇ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਦਿਵਾਉਣ।


Related News