ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੰਗਾਹ ਨੂੰ ਮੁਆਫ਼ੀ ਮਿਲਣ ਦੇ ਆਸਾਰ, ਗੁਰਦਾਸਪੁਰ ’ਚ ਕਾਂਗਰਸ ਦਾ ਹੋਵੇਗਾ ਖ਼ਾਤਮਾ
Tuesday, Jul 27, 2021 - 11:15 AM (IST)
ਗੁਰਦਾਸਪੁਰ (ਸਰਬਜੀਤ) : ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ ਅਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਕਰੀਬੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੋਂ 5 ਸਿੱਖ ਸਾਹਿਬਾਨ ਇਕੱਤਰ ਹੋ ਰਹੇ ਹਨ ਅਤੇ ਮਰਿਆਦਾ ਅਨੁਸਾਰ ਲੰਗਾਹ ਵੱਲੋਂ ਤਰਲਾ ਮੰਨਤਾਂ ਕਰਨ ’ਤੇ ਉਸ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਜਦੋਂ ਪੰਥ ਵਿਚੋਂ ਮੁਆਫ਼ੀ ਮਿਲ ਜਾਵੇਗੀ ਤਾਂ ਫਿਰ ਉਹ ਗੁਰਦਾਸਪੁਰ ਵਿਚ ਇਕ ਵਾਰ ਫਿਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਜਿਸ ਵਿਚ ਕਾਂਗਰਸ ਦੇ ਖ਼ਿਲਾਫ਼ ਇਕ ਤੂਫਾਨ ਖੜ੍ਹਾ ਕਰਨਗੇ। ਪੂਰੇ ਪੰਜਾਬ ਨੂੰ ਪਤਾ ਲੱਗ ਜਾਵੇਗਾ ਕਿ ਸੁੱਚਾ ਸਿੰਘ ਲੰਗਾਹ ਨਾਲ ਕਿੰਨੀ ਭਾਰੀ ਸੰਖਿਆ ਵਿਚ ਗੁਰਦਾਸਪੁਰ ਵਿਚ ਹੀ ਨਹੀਂ, ਬਲਕਿ ਪੂਰੇ ਪੰਜਾਬ ਵਿਚੋਂ ਲੋਕ ਚੱਟਾਨ ਵਾਂਗ ਖੜੇ ਹੋਣਗੇ।
ਲੰਗਾਹ ਦਾ ਇਹ ਵੀ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਹ ਆਪਣੀ ਮਾਂ ਪਾਰਟੀ ਸਮਝਦੇ ਹਨ, ਉਹ ਕਦੇ ਵੀ ਕਿਸੇ ਪਾਰਟੀ ’ਚ ਨਹੀਂ ਜਾਣਗੇ ਅਤੇ ਲੋਕਾਂ ਦਾ ਤਨ-ਮੰਨ ਨਾਲ ਸੇਵਾ ਕਰਦੇ ਰਹਿਣਗੇ। ਇਸ ਸਬੰਧੀ ਉਨ੍ਹਾਂ ਦੇ ਵਰਕਰਾਂ ਵੱਲੋਂ ਪਿੰਡਾਂ ਵਿਚ ਗੁਪਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਤਿਆਰੀਆਂ ਕਰਨ ਅਤੇ ਜੱਥੇਦਾਰ ਲੰਗਾਹ ਨਾਲ ਖੜ੍ਹੇ ਹੋਣ ਤਾਂ ਜੋ ਗੁਰਦਾਸਪੁਰ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਇਕ ਵੱਖਰੀ ਦਿੱਖ ਵੇਖਣ ਨੂੰ ਮਿਲੇ।