267 ਸਰੂਪਾਂ ਦੇ ਖੁਰਦ-ਬੁਰਦ ਮਾਮਲੇ ''ਚ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਪੇਸ਼ ਹੋਏ ਕਵਲਜੀਤ

07/26/2020 6:33:50 PM

ਅੰਮ੍ਰਿਤਸਰ (ਅਨਜਾਣ) : ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 2016 'ਚ ਅਗਜਨੀ ਦੀ ਘਟਨਾ ਉਪਰੰਤ 267 ਸਰੂਪਾਂ ਦੇ ਖੁਰਦ-ਬੁਰਦ ਹੋਣ ਦੇ ਸਾਹਮਣੇ ਆਏ ਮਾਮਲੇ ਦੀ ਪੜਤਾਲ ਅੱਜ ਫਿਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ। ਜਿਸ ਵਿਚ ਅੱਜ ਦੂਸਰੇ ਦਿਨ ਕਵਲਜੀਤ ਸਿੰਘ ਸੁਪਰਵਾਈਜ਼ਰ ਜੋ ਇਸ ਮਾਮਲੇ ਦਾ ਚਸ਼ਮਦੀਦ ਗਵਾਹ ਹੈ ਤੋਂ ਪੁੱਛ ਪੜਤਾਲ ਹੋਈ। ਕਵਲਜੀਤ ਸਿੰਘ ਕੋਲੋਂ ਜਦੋਂ ਸਾਡੇ ਪੱਤਰਕਾਰ ਵੱਲੋਂ ਸਵਾਲ ਪੁੱਛੇ ਗਏ ਤਾਂ ਉਸ ਨੇ ਕਿਹਾ ਕਿ ਅਜੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਉਸ ਨੇ ਕਿਹਾ ਕਿ ਮੈਂ ਬੀਤੇ ਦਿਨੀਂ ਦੁਪਹਿਰ 3 ਵਜੇ ਤੋਂ ਲੈ ਕੇ ਰਾਤ ਸਾਢੇ ਅੱਠ ਵਜੇ ਤੱਕ ਜਾਂਚ ਕਮੇਟੀ ਦੇ ਜਵਾਬ ਦਿੰਦਾ ਰਿਹਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਮੈਂ ਅਜੇ ਕਿਸੇ ਦਾ ਫੋਨ ਨਹੀਂ ਚੱਕ ਰਿਹਾ। ਮੈਨੂੰ ਸ਼ੱਕ ਹੈ ਕਿ ਕਿਤੇ ਮੇਰਾ ਫੋਨ ਟੇਪ ਨਾ ਹੋ ਰਿਹਾ ਹੋਵੇ। 

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਕੋਰੋਨਾ ਦੇ ਖ਼ਾਤਮੇ ਤੱਕ ਪੰਜਾਬ 'ਚ ਨਹੀਂ ਖੁੱਲ੍ਹਣਗੇ ਸਕੂਲ

ਕਵਲਜੀਤ ਸਵੇਰੇ 9.35 'ਤੇ ਗੁਰੂ ਰਾਮਦਾਸ ਸਰਾਂ ਦੇ ਜੋੜਾ ਘਰ ਵਿਖੇ ਸੀ ਅਤੇ ਉਹ ਠੀਕ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਗਿਆ। ਜਿੱਥੇ ਪੜਤਾਲੀਆ ਕਮੇਟੀ ਦੇ ਵਕੀਲ ਈਸ਼ਰ ਸਿੰਘ ਤੇਲੰਗਾਨਾ ਵੱਲੋਂ ਕਵਲਜੀਤ ਕੋਲੋਂ ਪੁੱਛ ਗਿੱਛ ਕੀਤੀ ਗਈ। ਕਵਲਜੀਤ ਨੇ ਕਿਹਾ ਕਿ ਮੇਰੇ 'ਤੇ ਪੜਤਾਲੀਆ ਕਮੇਟੀ ਵੱਲੋਂ ਕਿਸੇ ਕਿਸਮ ਦਾ ਦਬਾਅ ਨਹੀਂ ਪਾਇਆ ਗਿਆ।  ਹਾਲਾਂਕਿ ਅੰਦਰ ਕੀ ਗੱਲਬਾਤ ਹੁੰਦੀ ਹੈ, ਉਸ ਬਾਰੇ ਉਸ ਨੇ ਕੋਈ ਵੀ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਅੱਜ ਐਤਵਾਰ ਹੋਣ ਦੇ ਬਾਵਜੂਦ ਵੀ ਸਕੱਤਰੇਤ ਖੁਲ੍ਹਾ ਰਿਹਾ। ਖਬਰ ਲਿਖੇ ਜਾਣ ਤੱਕ ਕਵਲਜੀਤ ਕੋਲੋਂ ਪੁੱਛਗਿੱਛ ਚੱਲ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਲੋਕਾਂ ਨੂੰ ਚਿਤਾਵਨੀ, ਕੋਵਿਡ-19 ਦੇ ਨਾਂ 'ਤੇ ਜੇ ਆਵੇ ਇਹ ਮੈਸੇਜ ਤਾਂ ਹੋ ਜਾਓ ਸਾਵਧਾਨ


Gurminder Singh

Content Editor

Related News