ਪੰਜਾਬ ’ਚ ‘ਖੇਡ ਇਨਕਲਾਬ’ ਲਿਆਉਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ : ਮੀਤ ਹੇਅਰ

Tuesday, Aug 30, 2022 - 04:41 PM (IST)

ਪੰਜਾਬ ’ਚ ‘ਖੇਡ ਇਨਕਲਾਬ’ ਲਿਆਉਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ : ਮੀਤ ਹੇਅਰ

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਨੌਜਵਾਨੀ ’ਚ ਨਵਾਂ ਜੋਸ਼ ਭਰਨ ਵਾਲਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ ’ਚ ‘ਖੇਡ ਇਨਕਲਾਬ’ ਆਏਗਾ।  ਉਨ੍ਹਾਂ ਕਿਹਾ ਕਿ 29 ਅਗਸਤ ਤੋਂ ਸ਼ੁਰੂ ਹੋ ਕੇ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਕੁੰਭ ’ਚ ਸੂਬੇ ਦੇ 5 ਲੱਖ ਤੋਂ ਵੱਧ ਉੱਭਰਦੇ ਖਿਡਾਰੀ ਭਾਗ ਲੈਣਗੇ। ਭਗਵੰਤ ਮਾਨ ਸਰਕਾਰ ਨੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ ਅਤੇ ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ’ਚ ਕਵਰ ਹੋਣਗੇ।

ਇਹ ਵੀ ਪੜ੍ਹੋ- ਜ਼ੀਰਾ ਦੀ ਸਿਵਲ ਕੋਰਟ 'ਚ ਪੇਸ਼ੀ ਭੁਗਤਣ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਹੈ ਮਾਮਲਾ

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਮਨਾਏ ਜਾ ਰਹੇ ਕੌਮੀ ਖੇਡ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ’ਚ ਰੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਤੋਂ 7 ਸਤੰਬਰ ਤੱਕ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ’ਚ ਆਪਣੇ ਜੌਹਰ ਵਿਖਾਉਣਗੇ।

ਇਸ ਤੋਂ ਇਲਾਵਾ ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ’ਚ ਪਹਿਲੇ ਨੰਬਰ ’ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ’ਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਇਹ ਮਹਾਕੁੰਭ ਉਲੀਕਿਆ ਹੈ। ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਖੇਡਾਂ ਨੇ ਸੁਚੱਜੇ ਪ੍ਰਬੰਧ ਕੀਤੇ ਹਨ ਤਾਂ ਜੋ ਸੂਬੇ ’ਚ ਖੇਡ ਪ੍ਰਤਿਭਾ ਤੇ ਹੁਨਰ ਦੀ ਭਾਲ ਕੀਤੀ ਜਾ ਸਕੇ, ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਸਿਰਜਿਆ ਜਾ ਸਕੇ। ਇਸ ਖੇਡ ਮਹਾਕੁੰਭ ’ਚ ਗ੍ਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ’ਚ ਅੰਡਰ-14, ਅੰਡਰ-17, ਅੰਡਰ-21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ’ਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਅਤੇ ਪੈਰਾ-ਖਿਡਾਰੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼੍ਰੋਮਣੀ ਕਮੇਟੀ ਨੇ ਸ਼ੁਰੂ ਕੀਤੀ ਇਹ ਸੇਵਾ

ਇਸ ਬਲਾਕ ਪੱਧਰ ’ਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ-ਖੋ ਅਤੇ ਰੱਸ਼ਾਕਸੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਜ਼ਿਲਾ ਪੱਧਰ ਤੇ ਬਲਾਕ ਪੱਧਰੀ ਖੇਡਾਂ ਤੋਂ ਇਲਾਵਾ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ ’ਤੇ ਜ਼ਿਲਾ ਪੱਧਰੀ ਖੇਡਾਂ ਤੋਂ ਇਲਾਵਾ ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ ਅਤੇ ਸ਼ਤਰੰਜ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਨੋਟ - ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ ਜਵਾਬ। 


author

Simran Bhutto

Content Editor

Related News