ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ

Wednesday, Dec 15, 2021 - 08:04 PM (IST)

ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ

ਚੰਡੀਗੜ੍ਹ (ਬਿਊਰੋ) : ਕੌਮੀ ਬਜਟ ਦਾ 10 ਤੋਂ 15 ਫੀਸਦੀ ਨੌਜਵਾਨਾਂ ਖ਼ਾਸ ਤੌਰ ’ਤੇ ਖਿਡਾਰੀਆਂ ’ਤੇ ਖਰਚਣ ਉਤੇ ਜ਼ੋਰ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਮਨੁੱਖੀ ਸਰੋਤਾਂ ’ਤੇ ਪੈਸਾ ਖਰਚਣ ਨਾਲ ਤੁਹਾਨੂੰ ਸਿਹਤ ਸੇਵਾਵਾਂ ਉਤੇ ਜ਼ਿਆਦਾ ਪੈਸਾ ਖਰਚਣ ਦੀ ਲੋੜ ਨਹੀਂ ਪੈਂਦੀ। ਇੱਥੇ ਮੈਗਸੀਪਾ ਵਿਖੇ ਪੰਜਾਬ ਦੇ 3309 ਖਿਡਾਰੀਆਂ ਅਤੇ 10 ਕੋਚਾਂ ਨੂੰ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਸੌਂਪਣ ਮੌਕੇ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਚੀਨ ਨੇ ਮਨੁੱਖੀ ਸਰੋਤਾਂ ਦੇ ਵਿਕਾਸ ’ਤੇ ਖਰਚ ਕੀਤਾ, ਜਿਸ ਕਾਰਨ ਉਥੋਂ ਦੇ ਲੋਕਾਂ ਦੀ ਪਿਛਲੇ ਦਹਾਕਿਆਂ ਦੌਰਾਨ ਔਸਤਨ ਲੰਬਾਈ 2.5 ਇੰਚ ਵਧੀ ਹੈ। ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਹੋਰ ਮੱਲਾਂ ਮਾਰਨ ਲਈ ਉਤਸਾਹਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ’ਚ ਲੋੜ ਮੁਤਾਬਕ ਤਬਦੀਲੀਆਂ ਕਰਨ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਸਮੇਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਸਰੀਰਿਕ ਸਿੱਖਿਆ ਅਧਿਆਪਕਾਂ ਨੂੰ ਦੱਖਣੀ ਅਫ਼ਰੀਕਾ ਦੇ ਕੋਚਾਂ ਤੋਂ ਸਿਖਲਾਈ ਦਿਵਾਉਣ ਦੀ ਗੱਲ ਆਖਦਿਆਂ ਪਰਗਟ ਸਿੰਘ ਨੇ ਆਖਿਆ ਕਿ ਵਿਦੇਸ਼ੀ ਕੋਚਾਂ ਦੀ ਮੁਹਾਰਤ ਦਾ ਲਾਹਾ ਲੈਣ ਦੀ ਲੋੜ ਹੈ। ਸਿੱਖਿਆ ਵਿਭਾਗ ਤੇ ਖੇਡ ਵਿਭਾਗ ਮਿਲ ਕੇ ਖੇਡ ਪਨੀਰੀ ਤਿਆਰ ਕਰਨਗੇ। ਆਪਣੇ ਖੇਡ ਪਿਛੋਕੜ ਦਾ ਜ਼ਿਕਰ ਕਰਦਿਆਂ ਪਰਗਟ ਸਿੰਘ ਨੇ ਖਿਡਾਰੀਆਂ ਨੂੰ ਵੀ ਸਮਾਜ ਲਈ ਰੋਲ ਮਾਡਲ ਬਣਨ ਲਈ ਪ੍ਰੇਰਦਿਆਂ ਖੇਡ ਮੈਦਾਨ ਦੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਟੀਮ ਭਾਵਨਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵੱਖ-ਵੱਖ ਵਿਭਾਗਾਂ ’ਚ 3 ਫੀਸਦੀ ਖੇਡ ਕੋਟੇ ਅਧੀਨ ਹੁੰਦੀ ਭਰਤੀ ਦੀ ਥਾਂ ਇਸ ਸਾਰੇ ਖੇਡ ਕੋਟੇ ਨੂੰ ਖੇਡ ਵਿਭਾਗ ਅਧੀਨ ਹੀ ਲਿਆਂਦਾ ਜਾਵੇ ਤਾਂ ਜੋ ਇਹ ਖਿਡਾਰੀ ਅੱਗੇ ਹੋਰ ਖਿਡਾਰੀ ਤਿਆਰ ਕਰ ਕੇ ਭਾਰਤ ਨੂੰ ਦੁਨੀਆ ਦੇ ਖੇਡ ਨਕਸ਼ੇ ਦਾ ਧੁਰਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ।

PunjabKesari

ਇਸ ਤੋਂ ਪਹਿਲਾਂ ਸਵਾਗਤੀ ਸ਼ਬਦ ਬੋਲਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੁੱਲ 11.80 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 3309 ਖਿਡਾਰੀਆਂ ਨੂੰ 9.37 ਕਰੋੜ ਰੁਪਏ ਅਤੇ 10 ਕੋਚਾਂ ਨੂੰ 2.43 ਕਰੋੜ ਰੁਪਏ ਦਿੱਤੇ ਗਏ। ਇਨ੍ਹਾਂ ਵਿੱਚ 1298 ਖਿਡਾਰੀਆਂ ਨੂੰ ਸਾਲ 2018-19 ਲਈ 4.84 ਕਰੋੜ (4,84,30,000) ਰੁਪਏ ਅਤੇ 2011 ਖਿਡਾਰੀਆਂ ਨੂੰ 4.49 ਕਰੋੜ (4,49,96,000) ਰੁਪਏ ਦਿੱਤੇ ਗਏ। ਅੱਜ ਦੇ ਸਮਾਗਮ ਵਿੱਚ ਖੇਡ ਮੰਤਰੀ ਪਰਗਟ ਸਿੰਘ ਨੇ ਸੰਕੇਤਕ ਤੌਰ ਉਤੇ 10 ਕੋਚਾਂ ਅਤੇ 14 ਖਿਡਾਰੀਆਂ ਨੂੰ ਚੈੱਕ ਸੌਂਪੇ ਜਦੋਂ ਕਿ ਬਾਕੀ ਸਾਰੇ ਖਿਡਾਰੀਆਂ ਦੇ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਰਾਸ਼ੀ ਪਾ ਦਿੱਤੀ ਗਈ। 10 ਕੋਚਾਂ ਵਿੱਚੋਂ ਦਰੋਣਾਚਾਰੀਆ ਐਵਾਰਡੀ ਮਹਿੰਦਰ ਸਿੰਘ ਢਿੱਲੋਂ ਤੇ ਦਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂੰ ਨੂੰ 40-40 ਲੱਖ ਰੁਪਏ, ਬੈਡਮਿੰਟਨ ਕੋਚ ਵਿਜੈਦੀਪ ਸਿੰਘ ਨੂੰ 30 ਲੱਖ ਰੁਪਏ, ਓਲੰਪੀਅਨ ਵੇਟ ਲਿਫਟਿੰਗ ਕੋਚ ਸੰਦੀਪ ਕੁਮਾਰ ਨੂੰ 28 ਲੱਖ ਰੁਪਏ, ਬੈਡਮਿੰਟਨ ਕੋਚ ਸੁਰੇਸ਼ ਕੁਮਾਰ ਤੇ ਅਥਲੈਟਿਕਸ ਕੋਚ ਹਰਮਿੰਦਰ ਪਾਲ ਸਿੰਘ ਨੂੰ 20-20 ਲੱਖ ਰਪਏ, ਹਾਕੀ ਕੋਚ ਅਵਤਾਰ ਸਿੰਘ, ਗੁਰਦੇਵ ਸਿੰਘ ਤੇ ਯੁਧਵਿੰਦਰ ਸਿੰਘ ਨੂੰ 16.66-16.66 ਲੱਖ ਰੁਪਏ ਅਤੇ ਅਥਲੈਟਿਕਸ ਕੋਚ ਜਸਪਾਲ ਸਿੰਘ ਨੂੰ 16 ਲੱਖ ਰੁਪਏ ਦਿੱਤੇ ਗਏ।

PunjabKesari

14 ਖਿਡਾਰੀਆਂ ਵਿੱਚੋਂ ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਨੂੰ 1.12 ਕਰੋੜ ਰੁਪਏ, ਅਰਜੁਨਾ ਐਵਾਰਡੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੂੰ 61 ਲੱਖ ਰੁਪਏ, ਬੈਡਮਿੰਟਨ ਖਿਡਾਰੀ ਧਰੁਵ ਕਪੀਲਾ ਨੇ 15 ਲੱਖ ਰੁਪਏ, ਤਲਵਾਰਬਾਜ਼ੀ ਦੀ ਖਿਡਾਰਨ ਜਗਮੀਤ ਕੌਰ ਨੂੰ 7 ਲੱਖ ਰੁਪਏ, ਈਨਾ ਅਰੋੜਾ ਨੂੰ 6.57 ਲੱਖ ਰੁਪਏ, ਵਰਿੰਦਰ ਸਿੰਘ ਨੂੰ 5.30 ਲੱਖ ਰੁਪਏ, ਕੋਮਲਪ੍ਰੀਤ ਸ਼ੁਕਲਾ, ਅਨੁਸ਼ਕਾ, ਅਥਲੀਟ ਨਵਜੀਤ ਕੌਰ ਢਿੱਲੋਂ, ਅਥਲੀਟ ਕ੍ਰਿਪਾਲ ਸਿੰਘ, ਜੂਡੋਕਾ ਜਸਲੀਨ ਸਿੰਘ ਸੈਣੀ, ਕਬੱਡੀ ਖਿਡਾਰਨ ਹਰਵਿੰਦਰ ਕੌਰ ਤੇ ਵਾਲੀਬਾਲ ਖਿਡਾਰੀ ਰਣਜੀਤ ਸਿੰਘ ਨੂੰ 5-5 ਲੱਖ ਰੁਪਏ ਦਿੱਤੇ ਗਏ।

PunjabKesari

ਇਸ ਤੋਂ ਪਹਿਲਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ. ਐੱਸ. ਸਿੱਧੂ ਨੇ ਕਿਹਾ ਕਿ ਖਿਡਾਰੀ ਸਖਤ ਮਿਹਨਤ ਕਰ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ ਪਰ ਕਈ ਵਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ ਪਰ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸ ਨੇ ਅੱਜ ਵੱਡੀ ਗਿਣਤੀ ਵਿੱਚ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ। ਇਸ ਮੌਕੇ ਖਿਡਾਰੀਆਂ ਤਰਫੋਂ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਨਵਜੀਤ ਕੌਰ ਢਿੱਲੋਂ ਅਤੇ ਮੈਰਾਥਨ ਵਿੱਚ ਸੈਫ ਖੇਡਾਂ ਦੇ ਸੋਨ ਤਮਗਾ ਜੇਤੂ ਰਛਪਾਲ ਸਿੰਘ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਸੂਬਾ ਸਰਕਾਰ ਦਾ ਇਸ ਉਦਮ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਉਤਸ਼ਾਹ ਨਾਲ ਉਨ੍ਹਾਂ ਨੂੰ ਅੱਗੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਪ੍ਰਾਪਤੀਆਂ ਕਰਨ ਲਈ ਪ੍ਰੇਰਨਾ ਮਿਲੇਗੀ।

PunjabKesari

ਅੰਤ ਵਿੱਚ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਪਾਲ ਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਖਿਡਾਰੀ ਦਾ ਨਗਦ ਇਨਾਮ ਕਿਸੇ ਦਸਤਾਵੇਜ਼ ਦੀ ਕਮੀ ਕਾਰਨ ਰਹਿ ਗਿਆ ਹੋਵੇ ਤਾਂ ਉਹ ਲੋੜੀਂਦੇ ਕਾਗਜ਼ਾਂ ਵਿਭਾਗ ਨੂੰ ਜਮ੍ਹਾਂ ਕਰਵਾ ਸਕਦਾ ਹੈ।

PunjabKesari


author

Anuradha

Content Editor

Related News