ਪਠਾਨਕੋਟ ਹਮਲੇ ਦੌਰਾਨ ਚਰਚਾ ਵਿਚ ਆਏ ਐੱਸ. ਪੀ. ਸਲਵਿੰਦਰ ਸਿੰਘ ਅਦਾਲਤ ਵਲੋਂ ਦੋਸ਼ੀ ਕਰਾਰ

Saturday, Feb 16, 2019 - 01:53 AM (IST)

ਪਠਾਨਕੋਟ ਹਮਲੇ ਦੌਰਾਨ ਚਰਚਾ ਵਿਚ ਆਏ ਐੱਸ. ਪੀ. ਸਲਵਿੰਦਰ ਸਿੰਘ ਅਦਾਲਤ ਵਲੋਂ ਦੋਸ਼ੀ ਕਰਾਰ

ਗੁਰਦਾਸਪੁਰ, (ਵਿਨੋਦ)- ਪਠਾਨਕੋਟ ਏਅਰਬੇਸ 'ਤੇ 1 ਜਨਵਰੀ 2016 ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰਖੀਆਂ 'ਚ ਆਏ ਗੁਰਦਾਸਪੁਰ ਦੇ ਉਸ ਸਮੇਂ ਦੇ ਪੁਲਸ ਮੁਖੀ ਹੈੱਡਕੁਆਰਟਰ ਸਲਵਿੰਦਰ ਸਿੰਘ ਨੂੰ ਅੱਜ ਗੁਰਦਾਸਪੁਰ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ, ਰਿਸ਼ਵਤ ਲੈਣ ਤੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰਨ ਸਬੰਧੀ ਚੱਲ ਰਹੇ ਕੇਸ 'ਚ ਦੋਸ਼ੀ ਮੰਨ ਕੇ ਜੇਲ ਭੇਜ ਦਿੱਤਾ। ਇਸ ਕੇਸ 'ਚ ਫੈਸਲਾ ਸੁਰੱਖਿਅਤ ਰੱਖਿਆ ਗਿਆ ਹੈ ਤੇ 21 ਫਰਵਰੀ ਨੂੰ ਸੁਣਾਇਆ ਜਾਵੇਗਾ। 
ਕੀ ਸੀ ਮਾਮਲਾ
ਸਾਲ 2015 'ਚ ਜਦ ਪੁਲਸ ਮੁਖੀ ਸਲਵਿੰਦਰ ਸਿੰਘ ਗੁਰਦਾਸਪੁਰ ਵਿਚ ਤਾਇਨਾਤ ਸੀ ਤਾਂ ਇਕ ਪਰਿਵਾਰਿਕ ਝਗੜੇ ਦੀ ਜਾਂਚ ਉਨ੍ਹਾਂ ਨੂੰ ਸੌਂਪੀ ਗਈ ਸੀ। ਜਿਸ ਵਿਚ ਧਾਰੀਵਾਲ ਨਿਵਾਸੀ ਵਿਕਰਮ ਦੇ ਵਿਰੁੱਧ ਉਸ ਦੀ ਪਤਨੀ ਨੇ ਕੁਝ ਦੋਸ਼ ਲਗਾਏ ਸੀ। ਉਸ ਕੇਸ ਵਿਚ ਵਿਕਰਮ ਦੇ ਜੀਜਾ ਰਜਨੀਸ਼ ਕੁਮਾਰ ਨਿਵਾਸੀ ਗੁਰਦਾਸਪੁਰ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਰਜਨੀਸ਼ ਕੁਮਾਰ ਜਦ ਜਾਂਚ ਸਬੰਧੀ ਉਕਤ ਸਲਵਿੰਦਰ ਸਿੰਘ ਦੇ ਸਾਹਮਣੇ ਪੇਸ਼ ਹੋਇਆ ਤਾਂ ਸਲਵਿੰਦਰ ਸਿੰਘ ਨੇ ਉਸ ਦੀ ਮਦਦ ਕਰਨ ਦੇ ਬਦਲੇ 'ਚ ਪਹਿਲਾਂ ਤਾਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਤੇ ਬਾਅਦ 'ਚ ਰਜਨੀਸ਼ ਕੁਮਾਰ ਦੀ ਪਤਨੀ ਨੂੰ ਆਪਣੇ ਪਤੀ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਲਾਲਚ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਸ ਮਾਮਲੇ 'ਚ ਚੁੱਪ ਰਹਿਣ ਦੀ ਬਿਜਾਏ ਰਜਨੀਸ਼ ਕੁਮਾਰ ਨੇ ਸਲਵਿੰਦਰ ਸਿੰਘ ਨੂੰ ਸਜ਼ਾ ਦਿਵਾਉਣ ਦਾ ਫੈਸਲਾ ਲਿਆ। ਰਜਨੀਸ਼ ਕੁਮਾਰ ਦੀ ਸ਼ਿਕਾਇਤ ਦਾ ਕੰਮ ਉੱਚ ਅਧਿਕਾਰੀਆਂ ਨੇ ਆਈ.ਪੀ.ਐੱਸ. ਅਧਿਕਾਰੀ ਗੁਲਨੀਨ ਸਿੰਘ ਪੁਲਸ ਮੁਖੀ ਪਠਾਨਕੋਟ ਨੂੰ ਸੌਂਪੀ ਸੀ। ਉਦੋਂ ਗੁਲਨੀਨ ਸਿੰਘ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਸਲਵਿੰਦਰ ਸਿੰਘ ਦੇ ਵਿਰੁੱਧ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ 'ਚ ਵੱਖ-ਵੱਖ ਧਾਰਾਵਾਂ ਅਧੀਨ 3 ਅਗਸਤ 2016 ਨੂੰ ਕੇਸ ਦਰਜ ਕੀਤਾ ਗਿਆ ਪਰ ਇਸ ਦੌਰਾਨ ਪਠਾਨਕੋਟ ਏਅਰਬੇਸ 'ਤੇ ਹਮਲਾ ਹੋ ਗਿਆ ਤੇ ਉਸ ਵਿਚ ਸਲਵਿੰਦਰ ਸਿੰਘ ਦੀ ਭੂਮਿਕਾ ਸ਼ੱਕੀ ਹੋਣ ਦੇ ਕਾਰਨ ਉਹ ਚਰਚਾ 'ਚ ਆ ਗਏ। ਕੁਝ ਮਹਿਲਾ (16) ਪੁਲਸ ਕਰਮਚਾਰੀਆਂ ਵੱਲੋਂ ਸਲਵਿੰਦਰ ਸਿੰਘ 'ਤੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਤੇ ਅਸ਼ਲੀਲ ਹਰਕਤਾਂ ਕਰਨ ਦੀ ਸ਼ਿਕਾਇਤ ਦੇ ਕਾਰਨ ਇਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਿਸ ਕਾਰਨ ਉਹ ਅਦਾਲਤ 'ਚ ਪੇਸ਼ ਨਹੀਂ ਹੋਏ ਤੇ ਉਨ੍ਹਾਂ ਨੇ ਬਾਅਦ ਵਿਚ ਅਦਾਲਤ 'ਚ ਆਤਮ ਸਮਰਪਨ ਕੀਤਾ ਸੀ। ਉਸ ਦੇ ਬਾਅਦ ਇਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ। ਸਲਵਿੰਦਰ ਸਿੰਘ ਨੂੰ ਸਰਕਾਰ ਨੇ ਨੌਕਰੀ ਤੋਂ ਡਿਸਮਿਸ ਕਰ ਰੱਖਿਆ ਹੈ। 
ਕੀ ਹੋਈ ਕਾਰਵਾਈ 
ਇਹ ਕੇਸ ਉਦੋਂ ਤੋਂ ਹੀ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ 'ਚ ਚੱਲ ਰਿਹਾ ਸੀ। ਸ਼ਿਕਾਇਤਕਰਤਾ ਰਜਨੀਸ਼ ਕੁਮਾਰ ਵੱਲੋਂ ਉਨ੍ਹਾਂ ਦੇ ਵਕੀਲ ਭੁਪਿੰਦਰ ਸਿੰਘ ਧਕਾਲਾ ਨੇ 13 ਗਵਾਹ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦੀ ਗਵਾਹੀ ਕਰਵਾਈ, ਜਦਕਿ ਸਲਵਿੰਦਰ ਸਿੰਘ ਦੇ ਵਕੀਲ ਨੇ 7 ਗਵਾਹ ਆਪਣੇ ਪੱਖ ਵਿਚ ਅਦਾਲਤ 'ਚ ਪੇਸ਼ ਕਰ ਕੇ ਗਵਾਹੀਆਂ ਕਰਵਾਈਆਂ ਪਰ ਅੱਜ ਅਦਾਲਤ ਨੇ ਸਲਵਿੰਦਰ ਸਿੰਘ ਨੂੰ ਦੋਸ਼ੀ ਮੰਨ ਕੇ ਜੇਲ ਭੇਜਣ ਦਾ ਆਦੇਸ਼ ਸੁਣਾਇਆ ਤੇ ਕੇਸ ਦਾ ਫੈਸਲਾ ਸੁਣਾਉਣ ਦੀ ਅਗਲੀ ਪੇਸ਼ੀ 21 ਫਰਵਰੀ ਤੈਅ ਕਰ ਦਿੱਤੀ। ਜਿਸ 'ਤੇ ਸਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈ ਕੇ ਜੇਲ ਭੇਜ ਦਿੱਤਾ ਗਿਆ। 
ਕਿੰਨੀ ਹੋ ਸਕਦੀ ਹੈ ਸਜ਼ਾ
ਮਹਿਲਾ ਨਾਲ ਜਬਰ ਜ਼ਨਾਹ ਕਰਨ ਸਬੰਧੀ ਸਲਵਿੰਦਰ ਸਿੰਘ ਨੂੰ 7 ਤੋਂ 10 ਸਾਲ ਦੀ ਸਜ਼ਾ ਹੋ ਸਕਦੀ ਹੈ, ਜਦਕਿ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਤੇ ਆਪਣੇ ਅਹੁਦੇ ਦਾ ਦੁਰਪ੍ਰਯੋਗ ਕਰਨ ਸਬੰਧੀ ਵੀ ਤਿੰਨ ਸਾਲ ਦੀ ਸ਼ਜਾ ਹੋ ਸਕਦੀ ਹੈ। 
ਕੀ ਕਹਿਣੈ ਸ਼ਿਕਾਇਤਕਰਤਾ ਰਜਨੀਸ਼ ਕੁਮਾਰ ਦਾ
ਇਸ ਕੇਸ 'ਚ ਸ਼ਿਕਾਇਤਕਰਤਾ ਰਜਨੀਸ਼ ਕੁਮਾਰ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦ ਮੇਰੇ ਕੇਸ ਦੀ ਜਾਂਚ ਸਲਵਿੰਦਰ ਸਿੰਘ ਕਰ ਰਿਹਾ ਸੀ ਤਾਂ ਉਹ ਬਹੁਤ ਹੀ ਪ੍ਰੇਸ਼ਾਨ ਸੀ। ਜਾਂਚ 'ਚ ਮਦਦ ਕਰਨ ਦੇ ਨਾਮ 'ਤੇ ਸਲਵਿੰਦਰ ਸਿੰਘ ਨੇ ਉਸ ਨੂੰ ਬਹੁਤ ਹੀ ਟਾਰਚਰ ਕੀਤਾ ਤੇ ਰਿਸ਼ਵਤ ਵੀ ਲਈ ਸੀ ਅਤੇ ਮੇਰੀ ਪਤਨੀ ਨੂੰ ਵੀ ਪ੍ਰੇਸ਼ਾਨ ਕੀਤਾ। ਜਿਸ ਕਾਰਨ ਮਜਬੂਰਨ ਮੈਂ ਚੁੱਪ ਰਹਿਣ ਦੀ  ਜਗ੍ਹਾ ਪਾਪੀ ਨੂੰ  ਸਜ਼ਾ ਦਿਵਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਮੈਂ ਅਦਾਲਤ ਦੇ ਫੈਸਲਾ ਦਾ ਸਵਾਗਤ ਵੀ ਕਰਦਾ ਹਾਂ ਅਤੇ ਖੁਸ਼ ਵੀ ਹਾਂ, ਕਿਉਂਕਿ ਇਸ ਤਰ੍ਹਾਂ ਦੇ ਅਧਿਕਾਰੀਆਂ ਦਾ ਸਹੀ ਸਥਾਨ ਜੇਲ ਹੀ ਹੈ।


author

DILSHER

Content Editor

Related News