ਵੱਡੀ ਖ਼ਬਰ : ਅਦਾਕਾਰਾ ਸੋਨੀਆ ਮਾਨ ਭਲਕੇ ਸ਼੍ਰੋਮਣੀ ਅਕਾਲੀ ਦਲ ’ਚ ਹੋਣਗੇ ਸ਼ਾਮਲ

Thursday, Nov 11, 2021 - 09:28 PM (IST)

ਚੰਡੀਗੜ੍ਹ (ਹਰਪ੍ਰੀਤ ਜੱਸੋਵਾਲ)-ਅਦਾਕਾਰਾ ਸੋਨੀਆ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਅੱਜ ਹੋਣਾ ਸੀ ਪਰ ਵਿਧਾਨ ਸਭਾ ਇਜਲਾਸ ਕਾਰਨ ਇਸ ਨੂੰ ਇਕ ਦਿਨ ਅੱਗੇ ਵਧਾਉਣਾ ਪਿਆ। ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੇ ਚਰਚੇ ਤਾਂ ਕਈ ਦਿਨਾਂ ਤੋਂ ਹੋ ਰਹੇ ਸਨ ਪਰ ਹੁਣ ਸਾਫ਼ ਹੋ ਗਿਆ ਹੈ ਕਿ ਉਹ ਕੱਲ੍ਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ। ਉਹ ਕਿਹੜੀ ਸੀਟ ਤੋਂ ਚੋਣ ਲੜਨਗੇ, ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਸੋਨੀਆ ਮਾਨ ਦਾ ਅਕਾਲੀ ਦਲ ’ਚ ਆਉਣ ਦਾ ਸਬੱਬ ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦਾ CM ਚੰਨੀ ਤੇ ਸਿੱਧੂ ’ਤੇ ਪਲਟਵਾਰ, ਕਹੀਆਂ ਵੱਡੀਆਂ ਗੱਲਾਂ

ਪਤਾ ਲੱਗਾ ਹੈ ਕਿ ਸੋਨੀਆ ਮਾਨ ਦੀ ਨੇੜਤਾ ਇਨੈਲੋ ਦੇ ਲੀਡਰ ਅਭੈ ਚੌਟਾਲਾ ਨਾਲ ਹੈ ਅਤੇ ਇਸ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਜਗ-ਜ਼ਾਹਿਰ ਹੈ। ਸੋਨੀਆ ਮਾਨ ਨੂੰ ਟਿਕਟ ਦੇਣ ਦੀ ਤਿਆਰੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਔਰਤ ਆਗੂਆਂ ਅਤੇ ਇਕ ਹੁਣੇ-ਹੁਣੇ ਆਜ਼ਾਦ ਗਰੁੱਪ ਛੱਡ ਕੇ ਗਏ ਪਰਮਿੰਦਰ ਸਿੰਘ ਸੋਹਾਣਾ ਨੂੰ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ। ਔਰਤਾਂ ’ਚ ਮੋਹਾਲੀ ਸੀਟ ਉੱਪਰ ਟਿਕਟ ਦਾ ਹੱਕ ਜਤਾ ਰਹੀਆਂ ਬੀਬੀਆਂ 'ਚੋਂ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ ਰਾਜ ਮਹਿਲਾ ਕਮਿਸ਼ਨ ਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਹਨ ਤੇ ਦੂਜੀ ਬੀਬੀ ਕੁਲਦੀਪ ਕੌਰ ਕੰਗ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਮੋਹਾਲੀ ਹਨ। ਇਨ੍ਹਾਂ ਨੂੰ ਖੁਸ਼ ਕਰਨ ਲਈ ਅਤੇ ਮੋਹਾਲੀ ਹਲਕੇ ’ਚੋਂ ਹਰ ਵਾਰ ਬਾਹਰਲਿਆਂ ਨੂੰ ਟਿਕਟ ਦੇਣ ਦੀ ਰਵਾਇਤ ਦੇ ਖ਼ਿਲਾਫ਼ ਵਿਰੋਧ ਦੀ ਸੰਭਾਵਨਾ ਨੂੰ ਮੱਠਾ ਕਰਨ ਦੇ ਹਿੱਤ 'ਚ ਇਹ ਅਹੁਦੇ ਦਿੱਤੇ ਸਮਝੇ ਜਾ ਰਹੇ ਹਨ। ਹੁਣ ਬਸਪਾ ਵੱਲੋਂ ਇਸ ਹਲਕੇ ਦੇ ਇੰਚਾਰਜ ਲਾਏ ਗਏ ਅਤੇ ਅਕਾਲੀ ਦਲ 'ਚੋਂ ਬਸਪਾ ’ਚ ਪਲਾਇਨ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਗੁਰਮੀਤ ਸਿੰਘ ਬਾਕਰਪੁਰ ਕੀ ਰੁਖ ਅਖਤਿਆਰ ਕਰਨਗੇ, ਇਹ ਵੀ ਦੇਖਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਂਡ ਨੇ ਪੰਜਾਬ ਚੰਡੀਗੜ੍ਹ ਲਈ ਦੋ ਸਹਾਇਕ ਇੰਚਾਰਜ ਕੀਤੇ ਨਿਯੁਕਤ
ਇਸ ਸਬੰਧੀ ਗੁਰਮੀਤ ਸਿੰਘ ਬਾਕਰਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਕਿਸੇ ਗੱਲ ਦੀ ਜਾਣਕਾਰੀ ਨਹੀਂ ਪਰ ਜੇ ਪਾਰਟੀਆਂ ਨੇ ਆਪਸੀ ਸਮਝੌਤੇ ’ਚ ਸੀਟ ਤਬਦੀਲ ਕਰ ਲਈ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਸੋਨੀਆ ਮਾਨ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਖੱਬੇ ਪੱਖੀ ਲੋਕਾਂ ’ਚ ਹੈਰਾਨੀ ਪਾਈ ਜਾ ਰਹੀ ਹੈ। ਭਾਵੇਂ ਸੋਨੀਆ ਮਾਨ ਪਿਛਲੇ ਲੰਬੇ ਸਮੇਂ ਤੋਂ ਮੁੰਬਈ ਫ਼ਿਲਮ ਨਗਰੀ ਵਿੱਚ ਰਹਿ ਰਹੇ ਸਨ ਪਰ ਉਨ੍ਹਾਂ ਦਾ ਪਿਛੋਕੜ ਖੱਬੇ ਪੱਖੀ ਧਿਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਸਵਰਗੀ ਬਲਦੇਵ ਸਿੰਘ ਮਾਨ ਸੀ. ਪੀ. ਆਈ. ਐਮ. ਐਲ. ਨਿਊ ਡੈਮੋਕਰੇਸੀ ਦੇ ਰਾਜ ਪੱਧਰੇ ਨੇਤਾ ਸਨ ਅਤੇ ਉਹ ਕ੍ਰਿਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਨ ਅਤੇ ਉਹ ਪਾਰਟੀ ਦੇ ਮੈਗਜੀਨ ‘ਹਰਾਵਲ ਦਸਤਾ’ ਦੇ ਸੰਪਾਦਕ ਵੀ ਸਨ। ਉਨ੍ਹਾਂ ਨੂੰ 26 ਸਤੰਬਰ 1986 ਵਿੱਚ ਕੱਟੜਪੰਤੀਆਂ ਨੇ ਕਤਲ ਕਰ ਦਿੱਤਾ ਸੀ। ਬਲਦੇਵ ਸਿੰਘ ਮਾਨ ਉਸ ਸਮੇਂ ਦੇ ਨਕਸਲਾਈਟ ਲੀਡਰਾਂ 'ਚ ਉਭਰਵਾਂ ਨਾਂ ਸਨ ਅਤੇ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਛੀਨਾ ਬੱਗਾ ਤਹਿਸੀਲ ਅਜਨਾਲਾ ਦੇ ਸਰਪੰਚ ਵੀ ਰਹੇ ਹਨ। ਉਨ੍ਹਾਂ ਨੇ 1980 ਅਤੇ 1985 ਵਿੱਚ ਸੀ. ਪੀ. ਆਈ. ਐਮ. ਐਲ. (ਨਿਊ ਡੈਮੋਕਰੇਸੀ) ਦੀ ਟਿਕਟ 'ਤੇ ਅਸੈਂਬਲੀ ਦੀ ਚੋਣ ਵੀ ਲੜੀ। ਉਹ ਲੋਕਾਂ 'ਚ ਇਕ ਹਰਮਨ ਪਿਆਰੇ ਲੀਡਰ ਵਜੋਂ ਜਾਣੇ ਜਾਂਦੇ ਸਨ।


Manoj

Content Editor

Related News