ਪਿੰਡ ਬੁਆਣੀ ''ਚ ਰਿਸ਼ਤੇ ਹੋਏ ਤਾਰ-ਤਾਰ, ਕਲਯੁਗੀ ਪੁੱਤ ਨੇ ਬੇਰਹਿਮੀ ਨਾਲ ਕਤਲ ਕੀਤੀ ਮਾਂ

Thursday, May 14, 2020 - 03:56 PM (IST)

ਪਿੰਡ ਬੁਆਣੀ ''ਚ ਰਿਸ਼ਤੇ ਹੋਏ ਤਾਰ-ਤਾਰ, ਕਲਯੁਗੀ ਪੁੱਤ ਨੇ ਬੇਰਹਿਮੀ ਨਾਲ ਕਤਲ ਕੀਤੀ ਮਾਂ

ਦੋਰਾਹਾ (ਵਿਨਾਇਕ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਮੁੱਚਾ ਸੰਸਾਰ ਜਿੱਥੇ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਜੂਝ ਰਿਹਾ ਹੈ, ਅਜਿਹੇ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇਕ ਵਾਰਦਾਤ ਦੋਰਾਹਾ ਨੇੜਲੇ ਪਿੰਡ ਬੁਆਣੀ ‘ਚ ਸਾਹਮਣੇ ਆਈ ਹੈ, ਜਿਥੇ ਅੱਜ ਸਵੇਰੇ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ‘ਤੇ ਡੰਡੇ ਨਾਲ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਬੇਟਾ ਸਨਕੀ ਕਿਸਮ ਦਾ ਸੀ, ਜਿਸ ਨੇ ਅੱਜ ਮਾਮੂਲੀ ਤਕਰਾਰ ਪਿੱਛੋਂ ਬੇਰਹਿਮੀ ਨਾਲ ਘਟਨਾ ਨੂੰ ਅੰਜ਼ਾਮ ਦਿੱਤਾ। ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਅਦ ਕਲਯੁਗੀ ਪੁੱਤਰ ਫਰਾਰ ਨਹੀ ਹੋਇਆ, ਸਗੋਂ ਖੁਦ ਪੁਲਸ ਦੇ ਆਉਣ ਦਾ ਇੰਤਜ਼ਾਰ ਕਰਦਾ ਰਿਹਾ।

ਦੋਰਾਹਾ ਪੁਲਸ ਨੇ ਜਾਣਕਾਰੀ ਦਿੱਤੀ ਕਿ ਸਵੇਰੇ 8-9 ਵਜੇ ਕਰੀਬ ਪਿੰਡ ਬੁਆਣੀ ਵਿਖੇ ਇੱਕ ਘਰ ‘ਚ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਦੀ ਪਛਾਣ ਪ੍ਰਕਾਸ਼ ਕੌਰ (ਉਮਰ 70 ਸਾਲ) ਪਤਨੀ ਰਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕਾ ਲੋਕਾਂ ਦੇ ਘਰਾਂ ‘ਚ ਸਾਫ-ਸਫਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੀ ਸੀ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਾਇਲ ਦੇ ਡੀ. ਐਸ. ਪੀ ਹਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੁਆਣੀ ‘ਚ ਇੱਕ ਬੇਟੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ।

ਮੌਕੇ ‘ਤੇ ਪਹੁੰਚ ਕੇ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਦੋਸ਼ੀ ਪੁੱਤਰ ਨੂੰ ਮੌਕੇ ਤੋਂ ਆਈ. ਪੀ. ਸੀ ਦੀ ਧਾਰਾ-304 ਤਹਿਤ ਗ੍ਰਿਫਤਾਰ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਦੋ ਪੁੱਤਰ ਹਨ ਅਤੇ ਦੋਵੇ ਆਪਣੇ ਪਰਿਵਾਰਾਂ ਸਮੇਤ ਇੱਕੋ ਘਰ 'ਚ ਆਪਣੇ ਮਾਂ-ਬਾਪ ਸਮੇਤ ਰਹਿੰਦੇ ਸਨ। ਅੱਜ ਸਵੇਰੇ ਮਾਂ-ਪੁੱਤ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਕਾਰਨ ਤੈਸ਼ 'ਚ ਆਏ ਕਲਯੁਗੀ ਪੁੱਤਰ ਨੇ ਆਪਣੀ ਮਾਂ ਦੇ ਸਿਰ 'ਚ ਡੰਡੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
 


author

Babita

Content Editor

Related News