ਨਸ਼ਾ-ਸਮੱਗਲਿੰਗ ’ਚ ਨਾਮਜ਼ਦ ਕੰਗਣ ਸਿੰਘ ਦੀ ਪ੍ਰਾਪਰਟੀ ਫ੍ਰੀਜ਼
Saturday, Aug 12, 2023 - 02:29 PM (IST)
ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਨਸ਼ਾ-ਸਮੱਗਲਰਾਂ ਖ਼ਿਲਾਫ਼ ਹੋਰ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਥਾਣਾ ਬਖਸ਼ੀਵਾਲ ਦੀ ਪੁਲਸ ਨੇ ਨਸ਼ਾ-ਸਮੱਗਲਿੰਗ ’ਚ ਨਾਮਜ਼ਦ ਕੰਗਣ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਹਿਰਦਾਪੁਰ ਥਾਣਾ ਬਖਸ਼ੀਵਾਲ ਦੀ ਪ੍ਰਾਪਰਟੀ ਨੂੰ ਫ੍ਰੀਜ ਕਰ ਦਿੱਤਾ ਹੈ। ਪੁਲਸ ਨੇ ਕੰਗਣ ਸਿੰਘ ਦੇ 300 ਗੱਜ਼ ’ਚ ਬਣੇ ਘਰ ਜਿਸ ਦਾ ਕਿ 1870 ਸਕੇਅਰ ਫੀਟ ਕਵਰਡ ਏਰੀਆ ਸੀ, ਜਿਸ ਦੀ ਕੀਮਤ ਲਗਭਗ ਮਾਰਕੀਟ ਮੁਤਾਬਕ 15 ਲੱਖ 72 ਹਜ਼ਾਰ ਰੁਪਏ ਦੀ ਬਣਦੀ ਹੈ, ਨੂੰ ਸੀਜ ਕਰ ਦਿੱਤਾ।
ਪ੍ਰਾਪਰਟੀ ਨੂੰ ਸੀਜ ਕਰਨ ਦੀ ਕਾਰਵਾਈ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਥਾਣਾ ਬਖਸ਼ੀਵਾਲ ਦੇ ਐੱਸ. ਐੱਚ. ਓ. ਆਈ. ਪੀ. ਐੱਸ. ਵੈਭਵ ਚੌਧਰੀ ਅਤੇ ਥਾਣਾ ਤ੍ਰਿਪਡ਼ੀ ਦੇ ਐੱਸ. ਐੱਚ. ਓ. ਪ੍ਰਦੀਪ ਬਾਜਵਾ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਸੀਜਿੰਗ ਦੇ ਆਡਰਾਂ ਨੂੰ ਕੰਗਣ ਸਿੰਘ ਦੇ ਘਰ ਦੇ ਬਾਹਰ ਚਿਪਕਾ ਦਿੱਤਾ।
ਇਸ ਮੌਕੇ ਆਈ. ਪੀ. ਐੱਸ. ਵੈਭਵ ਚੌਧਰੀ ਅਤੇ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਪਟਿਆਲਾ ਪੁਲਸ ਨਸ਼ਾ-ਸਮੱਗਲਰਾਂ ਖਿਲਾਫ਼ ਲਗਾਤਾਰ ਸਖ਼ਤੀ ਕਰ ਰਹੀ ਹੈ। ਕਿਸੇ ਵੀ ਨਸ਼ਾ-ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਵੱਲੋਂ ਲਗਾਤਾਰ ਨਸ਼ਾ-ਸਮੱਗਲਰਾਂ ਨੂੰ ਫੜ ਕੇ ਜੇਲ੍ਹਾਂ ’ਚ ਸੁੱਟਿਆ ਜਾ ਰਿਹਾ ਹੈ। ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਜਿੱਥੇ ਪੁਲਸ ਇਸ ਦੀ ਸਪਲਾਈ ਲਾਈਨ ਤੋੜ ਰਹੀ ਹੈ, ਉੱਥੇ ਪੁਲਸ ਵੱਲੋਂ ਹੁਣ ਨਸ਼ਾ-ਸਮੱਗਲਰਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੰਗਣ ਸਿੰਘ ਦੀ ਪ੍ਰਾਪਰਟੀ ਵੀ ਇਸੇ ਮੁਹਿੰਮ ਤਹਿਤ ਅਟੈਚ ਕੀਤੀ ਗਈ ਹੈ।