ਸਾਹਿਬ ਸਿੰਘ ਖੋਲ੍ਹੇਗਾ ਇੰਦਰਜੀਤ ਦੇ ਨਸ਼ਾ ਸਮੱਗਲਰਾਂ ਨਾਲ ਗੁੱਝੇ ਭੇਦ

Friday, Jun 23, 2017 - 07:43 AM (IST)

ਮੋਹਾਲੀ  (ਕੁਲਦੀਪ) - ਪੰਜਾਬ 'ਚ ਨਸ਼ੇ 'ਤੇ ਕੰਟਰੋਲ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਪੁਲਸ ਰਿਮਾਂਡ 'ਤੇ ਚੱਲ ਰਹੇ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਇਕ ਸਾਥੀ ਪ੍ਰਾਪਰਟੀ ਡੀਲਰ ਤੇ ਨਸ਼ਾ ਸਮੱਗਲਰ ਸਾਹਿਬ ਸਿੰਘ ਨੂੰ ਕਪੂਰਥਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ । ਅੱਜ ਸਾਹਿਬ ਸਿੰਘ ਤੇ ਪਹਿਲਾਂ ਤੋਂ ਪੁਲਸ ਰਿਮਾਂਡ 'ਤੇ ਚੱਲ ਰਹੇ ਏ. ਐੱਸ. ਆਈ.  ਅਜਾਇਬ ਸਿੰਘ ਨੂੰ ਪੁਲਸ ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਦੌਰਾਨ ਮਾਣਯੋਗ ਅਦਾਲਤ ਨੇ ਉਸ ਨੂੰ ਪੁਲਸ ਰਿਮਾਂਡ 'ਤੇ ਜਦਕਿ ਅਜਾਇਬ ਸਿੰਘ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਪੁਲਸ ਸੂਤਰਾਂ ਮੁਤਾਬਕ ਸਾਹਿਬ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਉਹ ਬੀ. ਐੱਸ. ਐੱਫ. 'ਚੋਂ ਰਿਟਾਇਰਡ ਹੈ । ਸੀ. ਆਈ. ਏ. ਸਟਾਫ਼ ਇੰਚਾਰਜ ਇੰਦਰਜੀਤ ਸਿੰਘ ਨਾਜਾਇਜ਼ ਢੰਗ ਨਾਲ ਬਣਾਏ ਪੈਸੇ ਨਾਲ ਝਗੜੇ ਵਾਲੀਆਂ ਕੋਠੀਆਂ ਸਾਹਿਬ ਸਿੰਘ ਰਾਹੀਂ ਖਰੀਦਦਾ ਸੀ। ਉਸ ਨੇ ਇਕ ਕੋਠੀ ਅੰਮ੍ਰਿਤਸਰ 'ਚ ਇੰਦਰਜੀਤ ਸਿੰਘ ਨੂੰ ਲੈ ਕੇ ਦਿੱਤੀ ਸੀ ਜੋ ਕਿ ਉਸ ਦੇ ਸਾਲੇ ਦੇ ਨਾਂ 'ਤੇ ਹੈ । ਭਾਵੇਂ ਇਸ ਦੀ ਪੁਸ਼ਟੀ ਕਿਸੇ ਪੁਲਸ ਅਧਿਕਾਰੀ ਨੇ ਨਹੀਂ ਕੀਤੀ ਹੈ ਪਰ ਪਤਾ ਲੱਗਾ ਹੈ ਕਿ ਪੁਲਸ ਅੰਮ੍ਰਿਤਸਰ 'ਚ ਸਥਿਤ ਉਸ ਕੋਠੀ ਬਾਰੇ ਤੇ ਇੰਦਰਜੀਤ ਦੀਆਂ ਹੋਰ ਪ੍ਰਾਪਰਟੀਆਂ ਬਾਰੇ ਪਤਾ ਲਾ ਰਹੀ ਹੈ ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸ. ਟੀ. ਐੱਫ. ਦੀ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਹਿਬ ਸਿੰਘ ਨਸ਼ੇ ਦੇ ਸਮੱਗਲਰਾਂ ਦਾ ਇੰਦਰਜੀਤ ਸਿੰਘ ਨਾਲ ਪੈਸੇ ਦਾ ਲੈਣ-ਦੇਣ ਵੀ ਕਰਵਾਉਂਦਾ ਸੀ । ਐੱਸ. ਟੀ. ਐੱਫ. ਉਸ ਤੋਂ ਪਤਾ ਲਾ ਰਹੀ ਹੈ ਕਿ ਸਾਹਿਬ ਸਿੰਘ ਨੇ ਇੰਦਰਜੀਤ ਨਾਲ ਕਿਹੜੇ ਸਮੱਗਲਰਾਂ ਦਾ ਪੈਸੇ ਦਾ ਲੈਣ-ਦੇਣ ਕਰਵਾਇਆ।
ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸਾਹਿਬ ਸਿੰਘ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੇਸ 'ਚ ਕਪੂਰਥਲਾ ਜੇਲ 'ਚ ਬੰਦ ਸੀ। ਉਸ ਨੂੰ ਜੇਲ ਵਲੋਂ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਸ ਨੂੰ 26 ਜੂਨ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਪਹਿਲਾਂ ਹੀ 26 ਜੂਨ ਤਕ ਪੁਲਸ ਰਿਮਾਂਡ 'ਤੇ ਚਲ ਰਿਹਾ ਹੈ।
ਕੀ ਹੈ ਮਾਮਲਾ  : ਦੱਸਣਯੋਗ ਹੈ ਕਿ ਐੱਸ. ਟੀ. ਐੱਫ. ਨੇ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਖਿਲਾਫ 12 ਜੂਨ ਨੂੰ ਐੱਸ. ਟੀ. ਐੱਫ. ਪੁਲਸ ਸਟੇਸ਼ਨ 'ਚ ਐੱਨ. ਡੀ. ਪੀ. ਐੱਸ. ਐਕਟ, ਆਰਮਜ਼ ਐਕਟ ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ । ਬਾਅਦ ਵਿਚ ਉਸ ਦੇ ਗੰਨਮੈਨ ਏ. ਐੱਸ. ਆਈ. ਅਜਾਇਬ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਸ ਕੇਸ 'ਚ ਪੁਲਸ ਸਾਹਿਬ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ।


Related News