200 ਕਰੋੜ ਦੀ ਹੈਰੋਇਨ ਸਣੇ ਫੜੇ ਸਮੱਗਲਰ ਨੂੰ ਲਿਆ 6 ਦਿਨ ਦੇ ਪੁਲਸ ਰਿਮਾਂਡ ''ਤੇ
Tuesday, Mar 27, 2018 - 06:12 AM (IST)

ਲੁਧਿਆਣਾ(ਅਨਿਲ)-ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਨਸ਼ਾ ਸਮੱਗਲਰ ਨੂੰ 200 ਕਰੋੜ ਦੀ 40 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਇਕ ਵੱਡੀ ਸਫਲਤਾ ਹਾਸਲ ਕੀਤੀ ਸੀ, ਜਿਸ ਸਬੰਧੀ ਅੱਜ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀ ਗੁਰਲਾਲ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ 6 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ ਅਤੇ ਆਉਣ ਵਾਲੇ ਦਿਨਾਂ 'ਚ ਅਹਿਮ ਖੁਲਾਸਾ ਕਰੇਗੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇੰਨੀ ਵੱਡੀ ਖੇਪ ਕਿਸ ਤਰ੍ਹਾਂ ਪਾਕਿਸਤਾਨ ਤੋਂ ਪੰਜਾਬ ਲਿਆਉਂਦਾ ਸੀ ਤੇ ਉਸ ਦੇ ਨਾਲ ਹੋਰ ਕੌਣ-ਕੌਣ ਲੋਕ ਮਿਲੇ ਹੋਏ ਹਨ। ਉਨ੍ਹਾਂ ਦੱਸਿਆ ਦੋਸ਼ੀ ਹੈਰੋਇਨ ਮੰਗਵਾਉਣ 'ਚ ਦੁਬਈ ਦੇ ਇਕ ਨੰਬਰ ਤੋਂ ਵਟਸਐਪ ਕਾਲ ਕਰਦਾ ਸੀ ਅਤੇ ਉਸੇ ਨੰਬਰ ਨਾਲ ਅੱਗੇ ਗਾਹਕਾਂ ਨਾਲ ਸੰਪਰਕ ਕਰ ਕੇ ਮਾਲ ਸਪਲਾਈ ਕਰਦਾ ਸੀ।
ਪੂਰੇ ਪਰਿਵਾਰ 'ਤੇ ਸੰਗੀਨ ਮਾਮਲੇ ਦਰਜ
ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰ ਗੁਰਲਾਲ ਸਿੰਘ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ ਸੀ, ਜਿਸ 'ਚ ਉਹ ਬਰੀ ਹੋ ਚੁੱਕਿਆ ਹੈ ਜਦੋਂਕਿ ਉਸ ਦੇ ਭਰਾ ਪਲਵਿੰਦਰ ਸਿੰਘ 'ਤੇ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਹੈ, ਜਿਸ ਨੂੰ 12 ਸਾਲ ਦੀ ਸਜ਼ਾ ਹੋ ਚੁੱਕੀ ਹੈ ਜੋ ਅੰਮ੍ਰਿਤਸਰ ਜੇਲ ਵਿਚ ਸਜ਼ਾ ਕੱਟ ਰਿਹਾ ਹੈ ਜਦੋਂਕਿ ਦੋਸ਼ੀ ਦੇ ਪਿਤਾ ਦਿਲਬਾਗ ਸਿੰਘ 'ਤੇ ਧਾਰਾ 1996 'ਚ ਦੋ ਕਤਲ ਕਰਨ ਦਾ ਮਾਮਲਾ ਦਰਜ ਹੈ ਜਿਸ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਉਸ ਦੇ ਸਾਥੀ ਦਿਲਬਾਗ ਸਿੰੰਘ 'ਤੇ 2 ਹੋਰ ਮਾਮਲੇ ਵੀ ਦਰਜ ਹਨ।
ਪ੍ਰਾਪਰਟੀ ਨੂੰ ਕੀਤਾ ਜਾਵੇਗਾ ਨਸ਼ਾ ਸਮੱਗਲਿੰਗ ਦੇ ਕੇਸ 'ਚ ਅਟੈਚ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰ ਦੇ ਨਾਂ 'ਤੇ ਜੋ ਵੀ ਪ੍ਰਾਪਰਟੀ, ਵਾਹਨ ਜਾਂ ਬੈਂਕ ਬੈਲੇਂਸ ਬਾਰੇ ਵੀ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਉਸ ਨੇ ਨਸ਼ੇ ਦੇ ਕਾਰੋਬਾਰ 'ਚ ਅੱਜ ਤੱਕ ਕਿੰਨੀ ਕਮਾਈ ਕੀਤੀ ਹੈ। ਉਸ ਨੂੰ ਵੀ ਕੇਸ 'ਚ ਅਟੈਚ ਕੀਤਾ ਜਾ ਸਕੇ।
ਪਾਕਿਸਤਾਨ 'ਚ ਕਿਸ ਤਰ੍ਹਾਂ ਪੈਸਾ ਪਹੁੰਚਾਇਆ ਜਾਂਦਾ ਸੀ?
ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਸਮੱਗਲਰ ਗੁਰਲਾਲ ਸਿੰੰਘ ਇੰਨੀ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾ ਕੇ ਉਸ ਦੀ ਕੀਮਤ ਪਾਕਿਸਤਾਨ 'ਚ ਸਮੱਗਲਰਾਂ ਤੱਕ ਕਿਵੇਂ ਪਹੁੰਚਾਉਂਦਾ ਸੀ, ਉਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਖੇਪ ਦੀ ਕੀਮਤ ਜਾਂ ਤਾਂ ਦੋਸ਼ੀ ਦੁਬਈ ਦੇ ਜ਼ਰੀਏ ਜਾਂ ਫਿਰ ਹਵਾਲੇ ਜ਼ਰੀਏ ਭੇਜਦਾ ਸੀ, ਉਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਸਾਰੇ ਬੈਂਕ ਖਾਤਿਆਂ ਦੀ ਟਰਾਂਜ਼ੈਕਸ਼ਨ ਵੀ ਚੈੱਕ ਕੀਤੀ ਜਾਵੇਗੀ।