ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ

Saturday, Jan 13, 2018 - 07:21 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਅੱਜ ਕਪੂਰਥਲਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵਲੋਂ ਬੀਤੇ ਦਿਨੀਂ ਨਗਰ ਕੌਂਸਲ ਵਲੋਂ ਕੱਟੇ ਗਏ ਚਲਾਨਾਂ ਦੇ ਵਿਰੋਧ 'ਚ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਦਿੱਤਾ। 
ਪ੍ਰਦਰਸ਼ਨਕਾਰੀ ਦੁਕਾਨਦਾਰਾਂ ਨੇ ਕਿਹਾ ਕਿ ਬੀਤੇ ਦਿਨੀਂ ਜੋ ਨਗਰ ਕੌਂਸਲ ਕਪੂਰਥਲਾ ਵੱਲੋਂ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ਿਆਂ ਕਾਰਨ ਧੱਕੇਸ਼ਾਹੀ ਨਾਲ ਚਲਾਨ ਕੱਟੇ ਗਏ, ਜਿਸ ਕਾਰਨ ਸਮੂਹ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਦਕਿ ਦੁਕਾਨਦਾਰਾਂ ਵਲੋਂ ਉਨ੍ਹਾਂ ਦੇ ਕਹਿਣ ਅਨੁਸਾਰ ਪਹਿਲਾਂ ਹੀ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਨਕਰੋਚਮੈਂਟ ਦੇ ਨਾਂ 'ਤੇ ਉਨ੍ਹਾਂ ਕੋਲੋਂ ਭਾਰੀ ਰਕਮ ਵਸੂਲ ਕੀਤੀ ਜਾ ਰਹੀ ਹੈ। ਸਮੂਹ ਦੁਕਾਨਦਾਰ ਮਾਣਯੋਗ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਨਗਰ ਕੌਂਸਲ ਕਪੂਰਥਲਾ ਨੂੰ ਅਪੀਲ ਕਰਦੇ ਹਨ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਦੁਕਾਨਾਂ ਦੇ ਅੱਗੇ ਪੀਲੀ ਲਾਈਨ ਨਹੀਂ ਲਗਾਈ ਜਾਂਦੀ ਉਦੋਂ ਤਕ ਦੁਕਾਨਾਂ ਦੇ ਨਾਜਾਇਜ਼ ਚਲਾਨ ਨਾ ਕੱਟੇ ਜਾਣ ਕਿਉਂਕਿ ਸਾਰੇ ਦੁਕਾਨਦਾਰ ਚਲਾਨਾਂ ਦੀ ਇੰਨੀ ਜ਼ਿਆਦਾ ਰਕਮ ਅਦਾ ਨਹੀਂ ਕਰ ਸਕਦੇ ਪਰ ਫਿਰ ਵੀ ਦੁਕਾਨਦਾਰਾਂ ਨੇ ਕਮੇਟੀ ਦੇ ਕਹਿਣ ਅਨੁਸਾਰ ਆਪਣਾ ਸਾਮਾਨ ਦੱਸੇ ਗਏ ਘੇਰੇ ਅਨੁਸਾਰ ਅੰਦਰ ਰੱਖ ਲਿਆ ਹੈ। 
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਹੋਈ ਤੇ ਚਲਾਨ ਕੱਟੇ ਗਏ ਤਾਂ ਸਾਰੇ ਦੁਕਾਨਦਾਰ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ ਤੇ ਪ੍ਰਸ਼ਾਸਨ ਖਿਲਾਫ ਰੋਸ ਮੁਜ਼ਾਹਰਾ ਕਰਨਗੇ।  ਇਸ ਮੌਕੇ ਯਸ਼ ਮਹਾਜਨ, ਵਿਕਰਮ ਅਰੋੜਾ, ਗਰੀਸ ਭਸੀਨ, ਨਰੇਸ਼ ਕਾਲੀਆ, ਵਿਸ਼ਾਲ ਚੌਹਾਨ, ਸੁਖਪਾਲ ਸਿੰਘ ਭਾਟੀਆ ਤੇ ਸਮੂਹ ਦੁਕਾਨਦਾਰ ਹਾਜ਼ਰ ਸਨ। 


Related News