ਆਲ ਇੰਡੀਆ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਵੱਲੋਂ ਨਾਅਰੇਬਾਜ਼ੀ

Thursday, Jan 18, 2018 - 04:50 PM (IST)


ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਆਲ ਇੰਡੀਆ ਆਂਗਣਵਾੜੀ ਵਰਕਰਜ਼, ਹੈਲਪਰਜ਼ ਯੂਨੀਅਨ ਪੰਜਾਬ ਏਟਕ ਦੇ ਵਰਕਰਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦੇ ਮੱਦੇਨਜ਼ਰ ਮੋਗਾ 'ਚ ਇਕ ਦਿਨੀਂ ਹੜਤਾਲ ਕਰ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਰੋਸ ਧਰਨਾ ਲਾ ਕੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਦੇ ਨਾਂ 'ਤੇ ਸੌਂਪਿਆ ਗਿਆ।  ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਛਿੰਦਰ ਕੌਰ ਦੁੱਨੇਕੇ, ਪ੍ਰਦੇਸ਼ ਵਿੱਤ ਸਕੱਤਰ ਗੁਰਚਰਨ ਕੌਰ ਮੋਗਾ, ਪ੍ਰਦੇਸ਼ ਡਿਪਟੀ ਜਨਰਲ ਸਕੱਤਰ ਬਲਵਿੰਦਰ ਕੌਰ ਖੋਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 43 ਸਾਲਾਂ ਤੋਂ ਘੱਟ ਮਾਣਭੱਤਾ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਿੰਨ ਹਜ਼ਾਰ ਰੁਪਏ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਦੇ ਰਹੀ ਹੈ ਪਰ ਅੱਗੇ ਵਰਕਰਾਂ ਅਤੇ ਹੈਲਪਰਾਂ ਨੂੰ ਸਿਰਫ 1500 ਰੁਪਏ ਹੀ ਮਿਲਦੇ ਹਨ। 
ਉਨ੍ਹਾਂ ਕਿਹਾ ਕਿ ਪਹਿਲੇ ਬਜਟ 'ਚ ਕਿਸੇ ਪ੍ਰਕਾਰ ਦਾ ਕੋਈ ਵਾਧਾ ਨਹੀਂ ਕੀਤਾ ਗਿਆ। ਜਥੇਬੰਦੀ ਵੱਲੋਂ ਲੰਮਾ ਸੰਘਰਸ਼ ਕਰ ਕੇ ਪ੍ਰੀ-ਨਰਸਰੀ ਕਲਾਸਾਂ ਚਲਾਉਣ ਬਾਰੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਤਿੰਨ ਤੋਂ ਛੇ ਸਾਲ ਦੇ ਬੱਚੇ ਸੈਂਟਰਾਂ 'ਚ ਵਾਪਸ ਭੇਜੇ ਜਾਣ ਅਤੇ ਸਿੱਖਿਆ ਅਧਿਆਪਕ ਇਕ ਘੰਟਾ ਸੈਂਟਰਾਂ 'ਚ ਜਾ ਕੇ ਬੱਚਿਆਂ ਨੂੰ ਪੜ੍ਹਾਉਣਗੇ ਪਰ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਅਤੇ ਬੱਚੇ ਅੱਜ ਤੱਕ ਸੈਂਟਰਾਂ 'ਚ ਵਾਪਸ ਨਹੀਂ ਭੇਜੇ। ਇਹ ਫੈਸਲਾ ਸਿੱਖਿਆ ਵਿਭਾਗ ਅਤੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਤੈਅ ਕੀਤਾ ਸੀ, ਜਿਸ ਨੂੰ ਲਾਗੂ ਕੀਤਾ ਜਾਵੇ। 
ਇਸ ਮੌਕੇ ਪ੍ਰਦੇਸ਼ ਕਮੇਟੀ ਮੈਂਬਰ ਸੁਖਜਿੰਦਰ ਕੌਰ, ਜ਼ਿਲਾ ਵਿੱਤ ਸਕੱਤਰ ਗੁਰਪ੍ਰੀਤ ਕੌਰ ਚੌਗਾਵਾਂ, ਪਰਮਜੀਤ ਕੌਰ ਚੰਦ ਨਵਾਂ ਆਦਿ ਮੈਂਬਰ ਹਾਜ਼ਰ ਸਨ।

ਇਹ ਹਨ ਯੂਨੀਅਨ ਦੀਆਂ ਮੰਗਾਂ
. ਆਂਗਣਵਾੜੀ ਵਰਕਰਾਂ ਨੂੰ 18 ਹਜ਼ਾਰ ਰੁਪਏ ਅਤੇ ਹੈਲਪਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ।
. ਆਂਗਣਵਾੜੀ ਵਰਕਰਾਂ ਦੇ ਭੱਤੇ ਨੂੰ ਵਧਾਇਆ ਜਾਵੇ।
. ਆਂਗਣਵਾੜੀ ਕੇਂਦਰਾਂ 'ਚ ਰਾਸ਼ਨ ਦਿੱਤਾ ਜਾਵੇ।
. ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਤੋਂ ਕੰਮ ਦੌਰਾਨ ਨਾਜਾਇਜ਼ ਕਾਰਜ ਲੈਣੇ ਬੰਦ ਕੀਤੇ ਜਾਣ।
. ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ 'ਚ ਸੁਧਾਰ ਲਿਆਂਦਾ ਜਾਵੇ।


Related News