ਮੋਗਾ ’ਚ ਕਤਲ ਕੀਤੀਆਂ ਸਕੀਆਂ ਭੈਣਾਂ ਦਾ ਇਕੱਠਿਆਂ ਹੋਇਆ ਸਸਕਾਰ, ਲਾਲ ਚੁੰਨੀਆਂ ਪਾ ਕੀਤਾ ਵਿਦਾ
Sunday, Mar 21, 2021 - 08:03 PM (IST)
ਸਮਾਲਸਰ (ਸੁਰਿੰਦਰ ਸੇਖਾ)- ਥਾਣਾ ਸਮਾਲਸਰ ਅਧੀਨ ਆਉਂਦੇ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਦੇ ਸਾਬਕਾ ਸਰਪੰਚ ਦੇ ਮੁੰਡੇ ਵਲੋਂ ਕਤਲ ਕੀਤੀਆਂ ਦੋ ਕੁੜੀਆਂ ਅਮਨਦੀਪ ਕੌਰ (24) ਅਤੇ ਕਮਲਪ੍ਰੀਤ ਕੌਰ (18) ਦਾ ਸਸਕਾਰ ਪਰਿਵਾਰ ਵਲੋਂ ਕਰ ਦਿੱਤਾ ਗਿਆ। ਦੋਵਾਂ ਭੈਣਾਂ ਨੂੰ ਪਰਿਵਾਰ ਵਲੋਂ ਲਾਲ ਚੁੰਨੀਆਂ ਪਾ ਕੇ ਵਿਦਾ ਕੀਤਾ ਗਿਆ ਅਤੇ ਸ਼ਮਸ਼ਾਨ ਘਾਟ ’ਚ ਇਕੋ ਚਿਖਾ ’ਤੇ ਦੋਵਾਂ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਪਰਿਵਾਰ ਦੇ ਵੈਣਾਂ ਨੇ ਸ਼ਮਸ਼ਾਨਘਾਟ ’ਚ ਮੌਜੂਦ ਵੱਡੀ ਗਿਣਤੀ ਲੋਕਾਂ ਦੀਆਂ ਦੀ ਅੱਖਾਂ ’ਚੋਂ ਅੱਥਰੂ ਕੱਢ ਦਿੱਤੇ। ਦਰਅਸਲ ਇੱਥੋਂ ਦੇ ਹੀ ਸਾਬਕਾ ਸਰਪੰਚ ਜਗਦੇਵ ਸਿੰਘ ਦੇ ਪੁੱਤਰ ਗੁਰਵੀਰ ਸਿੰਘ ਨੇ ਦੋਵੇਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਬੀਤੀ ਰਾਤ 8:10 ਵਜੇ ਸਸਕਾਰ ਕਰਨ ਲਈ ਪੁਲਸ ਸਿੱਧੀਆਂ ਸ਼ਮਸ਼ਾਨਘਾਟ ਵਿਖੇ ਲੈ ਪਹੁੰਚੀ। ਸਸਕਾਰ ਦਾ ਵਿਰੋਧ ਕਰਦਿਆਂ ਪਰਿਵਾਰ ਨੇ ਕਿਹਾ ਸੀ ਕਿ ਜਿੰਨਾ ਚਿਰ ਪੁਲਸ ਦੋਸ਼ੀ ਗੁਰਵੀਰ ਸਿੰਘ ਦੇ ਪਿਤਾ ਸਾਬਕਾ ਸਰਪੰਚ ਜਗਦੇਵ ਸਿੰਘ ਜਿਸ ਦਾ ਕਤਲ ਲਈ ਰਿਵਾਲਵਰ ਵਰਤਿਆ ਗਿਆ ਹੈ ਨੂੰ ਗ੍ਰਿਫ਼ਤਾਰ ਨਹੀਂ ਕਰ ਲੈਂਦੀ ਓਨੀ ਦੇਰ ਤਕ ਕੁੜੀਆਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਟੱਕਰ ਤੋਂ ਬਾਅਦ ਮਰਸਡੀਜ਼ ਤੇ ਅਰਟਿਗਾ ਦੇ ਉੱਡੇ ਪਰਖਚੇ, ਤਸਵੀਰਾਂ ’ਚ ਦੇਖੋ ਹਾਦਸੇ ਦਾ ਭਿਆਨਕ ਮੰਜ਼ਰ
ਇਸ ਉਪਰੰਤ ਪੁਲਸ ਨੇ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਅਤੇ ਪਰਿਵਾਰ ਦੋਹਾਂ ਕੁੜੀਆਂ ਦੀਆਂ ਲਾਸ਼ਾਂ ਨੂੰ ਘਰ ਆ ਗਿਆ। ਇਸ ਮਾਮਲੇ ਸਬੰਧੀ ਪਰਿਵਾਰ ਦੇ ਘਰ ਪਹੁੰਚੀਆਂ ਕੁਝ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿਚ ਲੈਂਦਿਆਂ ਬੀਤੀ ਸਵੇਰੇ ਪਹੁੰਚੇ ਰਾਜਪਾਲ ਸਿੰਘ ਐੱਸ.ਡੀ.ਐਮ ਬਾਘਾ ਪੁਰਾਣਾ, ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ ਬਾਘਾ ਪੁਰਾਣਾ, ਜਸਬਿੰਦਰ ਸਿੰਘ ਖਹਿਰਾ ਡੀ.ਐੱਸ.ਪੀ ਬਾਘਾਪੁਰਾਣਾ, ਪਰਸਨ ਸਿੰਘ ਡੀ. ਐੱਸ. ਪੀ ਨਿਹਾਲ ਸਿੰਘ ਵਾਲਾ, ਐੱਸ.ਪੀ. ਡੀ. ਮੋਗਾ, ਜੰਗਜੀਤ ਸਿੰਘ ਡੀ.ਐੱਸ.ਪੀ, ਜਗਤਾਰ ਸਿੰਘ ਥਾਣਾ ਮੁਖੀ ਸਮਾਲਸਰ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕੁਝ ਨਵੀਆਂ ਮੰਗਾਂ ਪ੍ਰਸ਼ਾਸਨ ਅੱਗੇ ਰੱਖਦਿਆਂ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪੰਜਾਹ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਤੋਂ ਬਾਅਦ ਕੁੜੀਆਂ ਦੇ ਸਸਕਾਰ ਦੀ ਸ਼ਰਤ ਰੱਖੀ।
ਇਹ ਵੀ ਪੜ੍ਹੋ : ਸੁਰੱਖਿਆ ਏਜੰਸੀਆਂ, ਗ੍ਰਹਿ ਮੰਤਰਾਲਾ, ਪੁਲਸ ਤੇ ਜੇਲਾਂ ਲਈ ਮੁਸੀਬਤ ਬਣਿਆ ‘ਗੈਂਗਸਟਰ ਰਾਜਾ’
ਲਗਪਗ ਦਸ ਘੰਟੇ ਪ੍ਰਸ਼ਾਸਨ ਦੀ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਚੱਲੀ ਗੱਲਬਾਤ ਤੋਂ ਬਾਅਦ ਪ੍ਰਸ਼ਾਸਨ ਨੇ ਸਰਕਾਰ ਵਲੋਂ ਸਵਾ ਅੱਠ ਲੱਖ ਰੁਪਏ ਪਹਿਲਾਂ ਅਤੇ ਸਵਾ ਅੱਠ ਲੱਖ ਰੁਪਏ ਬਾਅਦ ਵਿਚ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਪਰਿਵਾਰ ਦੀਆਂ ਮੰਗਾਂ ਨੂੰ ਸਰਕਾਰ ਤੱਕ ਪੁੱਜਦਾ ਕਰਨ ਦੇ ਵਿਸ਼ਵਾਸ਼ ਤੋਂ ਬਾਅਦ ਪਰਿਵਾਰ ਕੁੜੀਆਂ ਦੇ ਸਸਕਾਰ ਲਈ ਰਾਜ਼ੀ ਹੋ ਗਿਆ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਕੁੜੀਆਂ ਦਾ ਸਸਕਾਰ ਬੜੇ ਹੀ ਗਮਗੀਨ ਮਾਹੌਲ ਵਿਚ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਤੋਂ ਉਪਰ ਹੋਇਆ ਸਿੱਖਿਆ ਵਿਭਾਗ, ਬੰਦ ਦੇ ਹੁਕਮਾਂ ਦੇ ਬਾਵਜੂਦ ਸਕੂਲਾਂ ’ਚ ਬੁਲਾਇਆ ਸਟਾਫ਼
ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵਿਰੁੱਧ ਕੀਤੀ ਲੋਕਾਂ ਨੇ ਨਾਅਰੇਬਾਜ਼ੀ
ਕੁੜੀਆਂ ਦੇ ਸਸਕਾਰ ਸਮੇਂ ਜਦ ਹਲਕਾ ਬਾਘਾ ਪੁਰਾਣਾ ਦੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਕਾਂਗਰਸੀ ਸਾਥੀਆਂ ਰਾਮ ਸਿੰਘ ਲੋਧੀ ਸਰਪੰਚ ਠੱਠੀ ਭਾਈ ਅਤੇ ਬਲਾਕ ਪ੍ਰਧਾਨ ਹਰਦੀਸ਼ ਸਿੰਘ ਸੇਖਾ ਕਲਾਂ ਆਦਿ ਨਾਲ ਸ਼ਮਸ਼ਾਨਘਾਟ ਪੁੱਜੇ ਤਾਂ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਭਾਰੀ ਵਿਰੋਧ ਕਾਰਨ ਹਲਕਾ ਵਿਧਾਇਕ ਉੱਥੋਂ ਤੁਰੰਤ ਚਲੇ ਗਏ।
ਇਹ ਵੀ ਪੜ੍ਹੋ : ਥਾਣੇ ਦਾ ਮੁਨਸ਼ੀ ਬਣ ਕੇ ਜਨਾਨੀ ਨਾਲ ਆਇਆ ਵਿਅਕਤੀ ਕਰ ਗਿਆ ਕਾਰਾ, ਸੀ. ਸੀ. ਟੀ. ਵੀ. ਦੇਖਿਆ ਤਾਂ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?