ਸ਼੍ਰੋਮਣੀ ਕਮੇਟੀ ਨੇ ਪੰਜਾਬ ਪੁਲਸ ਰਾਹੀਂ ਸਿਰਸਾ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਜਾਣ ਤੋਂ ਰੋਕਿਆ

Saturday, Sep 03, 2022 - 05:21 AM (IST)

ਸ਼੍ਰੋਮਣੀ ਕਮੇਟੀ ਨੇ ਪੰਜਾਬ ਪੁਲਸ ਰਾਹੀਂ ਸਿਰਸਾ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਜਾਣ ਤੋਂ ਰੋਕਿਆ

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਗੋਲਕ ਦੀ ਵਰਤੋਂ ਗੁਰੂ ਸਾਹਿਬਾਨ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਡੇਰੇਦਾਰਾਂ ਨੂੰ ਸੱਚੇ ਸਾਬਤ ਕਰਨ ਅਤੇ ਗੁਰੂ ਦੇ ਸਿੱਖਾਂ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਗੁਰੂ ਦੋਖੀਆਂ ਖਿਲਾਫ਼ ਆਵਾਜ਼ ਉਠਾਈ, ਨੂੰ ਬਦਨਾਮ ਕਰਨ ਲਈ ਵਰਤੀ ਜਾ ਰਹੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਇਕ ਮੰਗ-ਪੱਤਰ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਦਿੰਦਿਆਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ, ਧਰਮ ਪ੍ਰਚਾਰ ਕਮੇਟੀ ਅਤੇ ਸਬ-ਕਮੇਟੀ ਨੇ ਪਹਿਲਾਂ ਨਾਮਧਾਰੀ ਡੇਰੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਕਿਉਂਕਿ ਸਿਰਸਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਦਰਖਾਸਤ ਦੇ ਨਾਲ ਪੁਖਤਾ ਸਬੂਤ ਸਨ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵੱਲੋਂ ਨਾਮਧਾਰੀ ਡੇਰੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ 185 ਮੈਂਬਰਾਂ ਅਤੇ ਸਮੂਹ ਅਹੁਦੇਦਾਰਾਂ ਨੂੰ ਕਾਨੂੰਨੀ ਨੋਟਿਸ ਸਿਰਸਾ ਦੇ ਵਕੀਲ ਰਾਹੀਂ ਦਿੱਤੇ ਗਏ ਸਨ।

ਇਹ ਵੀ ਪੜ੍ਹੋ : CM ਮਾਨ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਵਿਸਥਾਰ ਲਈ ਪੂਰਨ ਸਹਿਯੋਗ ਦਾ ਭਰੋਸਾ, ਕੀਤਾ ਇਹ ਐਲਾਨ

ਉਨ੍ਹਾਂ ਦੱਸਿਆ ਕਿ ਕਾਨੂੰਨੀ ਨੋਟਿਸ ਤੋਂ ਬਾਅਦ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਤੋਂ ਇਲਾਵਾ ਹੋਰ ਕਿਸੇ ਵੀ ਮੈਂਬਰ ਜਾਂ ਅਹੁਦੇਦਾਰਾਂ ਨੇ ਜਵਾਬ ਤੱਕ ਦੇਣਾ ਵੀ ਮੁਨਾਸਿਬ ਨਾ ਸਮਝਿਆ ਤਾਂ ਇਨ੍ਹਾਂ ਸਭ ਦੇ ਖਿਲਾਫ਼ ਆਪਣੇ ਵਕੀਲ ਦੇ ਰਾਹੀਂ ਗੁਰਦੁਆਰਾ ਜੁਡੀਸ਼ਲ ਕੋਰਟ 'ਚ 2020 ਨੂੰ ਕੇਸ ਪਾਇਆ ਗਿਆ, ਜਿਸ ਦੀ ਸੁਣਵਾਈ ਦੌਰਾਨ ਬੀਤੀ 26 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਨਾਮਧਾਰੀ ਡੇਰੇ ਨੂੰ ਬਚਾਉਂਦਿਆਂ ਸਿਰਸਾ ਨੂੰ ਹੀ ਗਲਤ ਦੱਸਿਆ, ਜਿਸ ਦਾ ਜਵਾਬ ਲੈਣ ਗਏ ਸਿਰਸਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਪੁਲਸ ਦੀ ਮਦਦ ਨਾਲ ਲਾਈਆਂ ਗਈਆਂ ਰੋਕਾਂ ਦੇ ਬਾਵਜੂਦ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੂੰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਮੰਗ ਪੱਤਰ ਦਿੰਦਿਆਂ ਪੁੱਛਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਧਰਮ ਪ੍ਰਚਾਰ ਕਮੇਟੀ ਅਤੇ ਸਬ-ਕਮੇਟੀ ਦੀ ਰਿਪੋਰਟ ਸਹੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿੱਚ 26 ਅਗਸਤ ਨੂੰ ਦਿੱਤਾ ਗਿਆ ਜਵਾਬ, ਦੋਵਾਂ 'ਚੋਂ ਕਿਹੜਾ ਸਹੀ ਹੈ ਤੇ ਕਿਹੜਾ ਗਲਤ, ਸ਼੍ਰੋਮਣੀ ਕਮੇਟੀ ਨੂੰ ਇਸ ਦਾ ਜਵਾਬ ਦੇਣਾ ਪਵੇਗਾ।

ਇਹ ਵੀ ਪੜ੍ਹੋ : ਕਸ਼ਮੀਰ 'ਚ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਭਾਜਪਾ ਆਗੂ RP ਸਿੰਘ ਦਾ ਬਿਆਨ, ਕਹੀ ਇਹ ਗੱਲ

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਵੀ ਸ਼ੁੱਕਰਵਾਰ ਜੁਡੀਸ਼ੀਅਲ ਕੋਰਟ 'ਚ ਸੀ, ਜਿਸ ਦੀ ਅਗਲੀ ਸੁਣਵਾਈ ਅਦਾਲਤ ਵੱਲੋਂ 8 ਸਤੰਬਰ ’ਤੇ ਪਾ ਦਿੱਤੀ ਗਈ ਹੈ। ਇਸ ਸਮੇਂ ਨਸੀਬ ਸਿੰਘ ਸਾਂਘਣਾ, ਅੰਮ੍ਰਿਤਪਾਲ ਸਿੰਘ ਐੱਨ.ਆਰ.ਆਈ., ਰਣਜੀਤ ਸਿੰਘ ਕੱਥੂਨੰਗਲ, ਡਾ. ਇਕਬਾਲ ਸਿੰਘ, ਜਸਬੀਰ ਸਿੰਘ ਮੁਧਲ, ਮਹਿਤਾਬ ਸਿੰਘ ਸਿਰਸਾ, ਸੁਰਜੀਤ ਸਿੰਘ ਤਰਨਤਾਰਨ, ਆਤਮਜੀਤ ਸਿੰਘ ਕਾਉਂਕੇ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News