ਸਰਹਿੰਦ ਨਹਿਰ ਵਿਚ ਕਈ ਕਿੱਲੋਮੀਟਰ ਤਕ ਕੂੜਾ-ਕਰਕਟ ਆਉਣ ਨਾਲ ਪਾਣੀ ਹੋਇਆ ਪ੍ਰਦੂਸ਼ਿਤ

Sunday, Aug 23, 2026 - 08:13 PM (IST)

ਸਰਹਿੰਦ ਨਹਿਰ ਵਿਚ ਕਈ ਕਿੱਲੋਮੀਟਰ ਤਕ ਕੂੜਾ-ਕਰਕਟ ਆਉਣ ਨਾਲ ਪਾਣੀ ਹੋਇਆ ਪ੍ਰਦੂਸ਼ਿਤ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ ਵਿਚ ਅੱਜ ਬਾਅਦ ਦੁਪਹਿਰ ਕਈ ਕਿਲੋਮੀਟਰ ਲੰਬਾਈ ਤੱਕ ਕੂੜਾ-ਕਰਕਟ ਫੈਲੇ ਹੋਣ ਕਾਰਨ ਇਹ ਸ਼ੁੱਧ ਪਾਣੀ ਪ੍ਰਦੂਸ਼ਿਤ ਹੋ ਗਿਆ ਅਤੇ ਲੋਕ ਇਸ ਨੂੰ ਦੇਖ ਕੇ ਚਿੰਤਤ ਦਿਖਾਈ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦਾ ਪਾਣੀ ਜੋ ਕਿ ਭਾਖੜਾ ਡੈਮ ਤੋਂ ਰੋਪੜ ਹੈੱਡਵਰਕਸ ਵਿਚ ਆਉਂਦਾ ਹੈ ਜਿੱਥੋਂ ਸਰਹਿੰਦ ਨਹਿਰ ਰਾਹੀਂ ਫਿਰੋਜ਼ਪੁਰ, ਮੋਗਾ, ਬਠਿੰਡਾ ਸਮੇਤ ਹੋਰ ਜ਼ਿਲ੍ਹਿਆਂ ਵਿਚ ਸਿੰਚਾਈ ਲਈ ਵਰਤਿਆ ਜਾਂਦਾ ਹੈ। 

ਇਹ ਪਾਣੀ ਅੱਜ ਤੱਕ ਕਦੇ ਵੀ ਪ੍ਰਦੂਸ਼ਿਤ ਦਿਖਾਈ ਨਹੀਂ ਦਿੱਤਾ ਪਰ ਅੱਜ ਜਦੋਂ ਲੋਕਾਂ ਨੇ ਇਸ ਪਾਣੀ ਵਿਚ ਕਈ ਕਿਲੋਮੀਟਰ ਲੰਬਾਈ ਤੱਕ ਕੂੜਾ ਕਰਕਟ ਜਿਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਤੈਰਦੇ ਨਜ਼ਰ ਆਏ ਤਾਂ ਉਹ ਚਿੰਤਤ ਦਿਖਾਈ ਦਿੱਤੇ। ਪੱਤਰਕਾਰਾਂ ਵਲੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਸਰਹਿੰਦ ਨਹਿਰ ਦਾ ਪਾਣੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕਾ ਸੀ ਅਤੇ ਹਰ ਪਾਸੇ ਗੰਦਗੀ ਨਜ਼ਰ ਆ ਰਹੀ ਸੀ। ਖੇਤਾਂ ਵਿਚ ਸਿੰਚਾਈ ਲਈ ਵਰਤੇ ਜਾਣ ਵਾਲੇ ਇਸ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਕਿਸਨੇ ਕੀਤਾ, ਇਸ ਵਿਚ ਫੋਮ ਦੇ ਵੱਡੇ-ਵੱਡੇ ਪੀਸ ਕਿਸੇ ਇੰਡਸਟਰੀ ਵਾਲੇ ਨੇ ਸੁੱਟੇ ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ। ਲੋਕਾਂ ਨੇ ਸਰਕਾਰ ਤੇ ਪ੍ਰਦੂਸ਼ਣ ਵਿਭਾਗ ਤੋਂ ਮੰਗ ਕੀਤੀ ਕਿ ਸਰਹਿੰਦ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


author

Anmol Tagra

Content Editor

Related News