ਪੰਜਾਬ 'ਚ ਹੁਣ 'ਕੁਆਰੇ' ਨਹੀਂ ਖ਼ਰੀਦ ਸਕਣਗੇ ਗਰੀਬ ਕੋਟੇ ਦੇ ਮਕਾਨ, ਜਾਣੋ ਕੌਣ ਲੈ ਸਕੇਗਾ ਲਾਹਾ (ਵੀਡੀਓ)
Friday, Jun 09, 2023 - 02:40 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਵੀਂ ਹਾਊਸਿੰਗ ਨੀਤੀ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ, ਜਿਸ ਤਹਿਤ ਕਮਜ਼ੋਰ ਤੇ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ ਪਰ ਇਸ ਨੀਤੀ ਤਹਿਤ ਕੁਆਰੇ ਲੋਕ ਘਰ ਨਹੀਂ ਖ਼ਰੀਦ ਸਕਣਗੇ। ਹਾਲਾਂਕਿ ਵਿਧਵਾਵਾਂ ਅਤੇ ਤਲਾਕਸ਼ੁਦਾ ਵਿਅਕਤੀ ਇਨ੍ਹਾਂ ਘਰਾਂ ਲਈ ਅਪਲਾਈ ਕਰ ਸਕਣਗੇ। ਇਸ ਨੀਤੀ ਬਾਰੇ ਆਮ ਲੋਕਾਂ ਦੀਆਂ ਸਲਾਹਾਂ ਵੀ ਮੰਗੀਆਂ ਜਾ ਰਹੀਆਂ ਹਨ। ਸਰਕਾਰ ਨੇ ਲੋਕਾਂ ਨੂੰ 15 ਦਿਨਾਂ ਅੰਦਰ ਸੁਝਾਅ ਦੇਣ ਲਈ ਕਿਹਾ ਹੈ। ਲੋਕਾਂ ਦੀਆਂ ਸਲਾਹਾਂ ਨੂੰ ਸ਼ਾਮਲ ਕਰਕੇ ਇਸ ਨਵੀਂ ਨੀਤੀ ਨੂੰ ਲਾਗੂ ਕੀਤਾ ਜਾਵੇਗਾ। ਇਸ ਦੇ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਭਾਗ ਨੇ ਨਵੀਂ ਹਾਊਸਿੰਗ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ।
ਇਹ ਵੀ ਪੜ੍ਹੋ : ਗੱਜ-ਵੱਜ ਕੇ ਕਰਨਾ ਸੀ ਧੀ ਦਾ ਵਿਆਹ, ਤਾਰੀਖ਼ ਨੇੜੇ ਆਉਂਦੇ ਹੀ ਮੁੰਡੇ ਵਾਲਿਆਂ ਦੀ ਕਰਤੂਤ ਨੇ ਉਡਾਏ ਹੋਸ਼
ਕੌਣ ਲੈ ਸਕੇਗਾ ਲਾਹਾ
ਪੰਜਾਬ ਸਰਕਾਰ ਨੇ ਜੋ ਨਵੀਂ ਹਾਊਸਿੰਗ ਨੀਤੀ ਬਣਾਈ ਹੈ, ਉਸ ਦੇ ਤਹਿਤ ਹੁਣ ਕੁਆਰੇ ਲੋਕ ਇਸ ਵਾਸਤੇ ਅਰਜ਼ੀ ਨਹੀਂ ਦੇ ਸਕਣਗੇ, ਜਦੋਂ ਕਿ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਕੋਟੇ (EWS) ਦੇ ਘਰ ਵਾਸਤੇ ਵਿਆਹਿਆ ਵਿਅਕਤੀ ਹੀ ਅਰਜ਼ੀ ਦੇ ਸਕੇਗਾ। ਇਸ ਦੇ ਨਾਲ ਹੀ ਵਿਧਵਾਵਾਂ ਅਤੇ ਤਲਾਕਸ਼ੁਦਾ ਵਿਅਕਤੀ ਵੀ ਘਰ ਲਈ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਖ਼ੁਸ਼ ਕੀਤੇ ਪੰਜਾਬ ਪੁਲਸ ਦੇ ਮੁਲਾਜ਼ਮ, ਜਾਣੋ ਕਿਹੜੇ ਕੀਤੇ ਵੱਡੇ ਐਲਾਨ (ਵੀਡੀਓ)
ਘਰ ਹਾਸਲ ਕਰਨ ਲਈ ਸ਼ਰਤਾਂ
ਵਿਅਕਤੀ ਘੱਟੋ-ਘੱਟ 10 ਸਾਲ ਤੋਂ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਹੈ।
15 ਸਾਲ ਤੱਕ ਅਲਾਟ ਕੀਤੇ ਘਰ ਨੂੰ ਵੇਚਿਆ ਨਹੀਂ ਜਾ ਸਕੇਗਾ।
ਘਰ ਨੂੰ ਕਿਰਾਏ 'ਤੇ ਨਹੀਂ ਦਿੱਤਾ ਜਾ ਸਕੇਗਾ।
ਘਰ ਦੀ ਲੀਜ਼ ਨੂੰ 3 ਸਾਲਾਂ ਲਈ ਰੀਨਿਊ ਕਰਨਾ ਹੋਵੇਗਾ।
ਦਿਵਿਆਂਗ ਕੋਟੇ ਦੇ ਲੋਕਾਂ ਨੂੰ ਗਰਾਊਂਡ ਫਲੋਰ ਦੇ ਮਕਾਨ ਦਿੱਤੇ ਜਾਣਗੇ।
ਮਕਾਨ ਦੀ ਕੀਮਤ ਉਸਾਰੀ ਦੇ ਹਿਸਾਬ ਨਾਲ ਸਥਾਨਕ ਇਕਾਈ ਵੱਲੋਂ ਤੈਅ ਕੀਤੀ ਜਾਵੇਗੀ।
ਹਰੇਕ ਕਮਜ਼ੋਰ ਵਰਗ ਦੇ ਕੋਟੇ ਦੇ ਖੇਤਰ 'ਚ 90 ਫ਼ੀਸਦੀ ਖੇਤਰ ਘਰਾਂ ਲਈ ਹੋਵੇਗਾ।
ਇਹ ਘਰ 3 ਏਕੜ ਤੋਂ ਵੱਧ ਜਗ੍ਹਾ 'ਤੇ ਨਹੀਂ ਬਣਾਏ ਜਾਣਗੇ।
ਮੁਹੱਲਾ ਕਲੀਨਿਕ ਅਤੇ ਕਮਿਊਨਿਟੀ ਸੈਂਟਰ ਦੀ ਸਹੂਲਤ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਬੈਂਕ ਮੈਨੇਜਰ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਸ਼ੁਰੂ
ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਲੋੜਵੰਦ ਲੋਕਾਂ ਨੂੰ ਮਕਾਨ ਦੇਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਇਸ ਸਬੰਧੀ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ 'ਚ ਬਿਲਡਰਾਂ ਨੂੰ ਪ੍ਰਾਜੈਕਟ ਲਾਉਣ ਲਈ ਨਿਯਮ ਵੀ ਤੈਅ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ