ਸ੍ਰੀ ਦਰਬਾਰ ਸਾਹਿਬ ''ਚ ਰਾਗੀਆਂ ਦਾ ਟਕਰਾਅ ਪਵਿੱਤਰ ਮਰਿਆਦਾ ਦੇ ਖਿਲਾਫ : ਬੀਰ ਦਵਿੰਦਰ ਸਿੰਘ
Thursday, Sep 03, 2020 - 09:14 PM (IST)
ਪਟਿਆਲਾ,(ਰਾਜੇਸ਼ ਪੰਜੌਲਾ)- ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕਰੋੜਾਂ ਸਿੱਖਾਂ ਦੀ ਆਸਥਾ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਵਿਚ ਰਾਗੀਆਂ ਦਾ ਟਕਰਾਅ ਪਵਿੱਤਰ ਮਰਿਆਦਾ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀਆਂ ਅਤੇ ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਿਚਕਾਰ, ਅੰਦਰੋ-ਅੰਦਰੀਂ ਧੁਖਦਾ ਲਫ਼ਜ਼ੀ ਤਕਰਾਰ, ਹੁਣ ਵੱਡ ਅਕਾਰੀ ਟਕਰਾਓ ਬਣਕੇ, ਮੀਡੀਆ ਰਾਹੀਂ ਸਿੱਖ ਸੰਗਤਾਂ ਦੇ ਸਾਹਮਣੇ ਆ ਰਿਹਾ ਹੈ ਜੋ ਕਿ ਸਮੁੱਚੀ ਸਿੱਖ ਸੰਗਤ ਲਈ ਘੋਰ ਪ੍ਰਰੇਸ਼ਾਨੀ ਦਾ ਵਿਸ਼ਾ ਹੈ। ਜਦੋਂ ਤੋਂ ਸ੍ਰੀ ਦਰਬਾਰ ਸਾਹਿਬ ਜੀ ਦਾ ਸਵੇਰੇ ਅੰਮ੍ਰਿਤ ਵੇਲੇ ਦਾ ਨਿੱਤ-ਨੇਮੀ ਪ੍ਰਕਾਸ਼, ਪਹਿਲਾ ਫਰਮਾਨ ਅਤੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਨ ਟੀ. ਵੀ. ਚੈਨਲ ਰਾਹੀਂ ਹੋ ਰਿਹਾ ਹੈ, ਉਦੋਂ ਤੋਂ ਹੀ ਦੂਰ-ਦੁਰਾਡੇ ਅਤੇ ਦੇਸ-ਵਿਦੇਸ਼ ਬੈਠੀਆਂ ਸਿੱਖ ਸੰਗਤਾਂ, ਡੂੰਘੀ ਆਸਥਾ ਤੇ ਸ਼ਰਧਾਪੂਰਨ ਢੰਗ ਨਾਲ, ਦੂਰੋਂ ਦਰਸ਼ਨ ਵੀ ਕਰਦੀਆਂ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਰਮਾਨ, ਅਰਦਾਸ ਅਤੇ ਸ਼ਬਦ ਕੀਰਤਨ ਨੂੰ ਸਵਰਣ ਵੀ ਕਰਦੀਆਂ ਹਨ। ਅਜਿਹੇ ਵਿਚ ਸ੍ਰੀ ਦਰਬਾਰ ਸਾਹਿਬ ਦੀ ਉਤਕ੍ਰਿਸ਼ਟ ਮਰਿਆਦਾ ਵਿਚ, ਅਚੇਤ ਜਾਂ ਸੁਚੇਤ ਵਾਪਰੀ ਨਿੱਕੀ ਮੋਟੀ ਉਕਾਈ ਵੀ ਸੰਗਤਾਂ ਦੇ ਧਿਆਨ ਵਿਚ ਆ ਜਾਂਦੀ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਛਲੇ ਕੁੱਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਵਿਚ ਹਜੂਰੀ ਰਾਗੀਆਂ ਵਲੋਂ ਕੀਤੇ ਜਾ ਰਹੇ, ਸ਼ਬਦ ਕੀਰਤਨ ਦੇ ਰਾਗਬਧ ਸੁਰੀਲੇ ਪੁਣ ਅਤੇ ਰਾਗਮਈ ਉੱਤਮਤਾ ਵਿਚ ਜ਼ਾਹਰਾ, ਜ਼ਵਾਲ ਆ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਹਜ਼ੂਰੀ ਰਾਗੀ ਪਾਸੋਂ ਇਹ ਉਮੀਦ ਨਹੀਂ ਕੀਤੀ ਜਾਂਦੀ ਕਿ ਉਹ ਸ਼ਬਦ ਕੀਰਤਨ ਦੀ ਚੌਂਕੀ ਦਰਮਿਆਨ, ਸਮੇਂ ਦੇ ਰਾਗ ਅਤੇ ਸੁਰ ਤੋਂ ਬੇਧਿਆਨ ਹੋ ਕੇ ਅਲਾਪ ਦੌਰਾਨ ਬੇਸੁਰ ਹੋ ਜਾਵੇ। ਅਜਿਹੇ ਵਰਤਾਰੇ ਜੇ ਲਗਾਤਾਰਤਾ ਵਿਚ ਵਾਪਰਦੇ ਰਹਿਣ ਤਾਂ ਇਸ ਉਕਾਈ ਵੱਲ ਤਵੱਜੋ ਦੇਣੀ ਲਾਜ਼ਮੀ ਬਣਦੀ ਹੈ। ਗੁਰਮਤਿ ਸੰਗੀਤ ਦੀ ਸਹੀ ਵਿਧਾ ਤੋਂ ਖੁੰਝ ਜਾਣ ਕਾਰਨ, ਕਈ ਵਾਰੀ ਸ਼ਬਦ ਕੀਰਤਨ ਸਰਵਣ ਕਰਨ ਸਮੇਂ, ਵਿਸਮਾਦੀ ਅਵਸਥਾ ਵਿੱਚ ਪੁੱਜੀਆਂ, ਸਿੱਖ ਸੰਗਤਾਂ ਦੀ ਬਿਰਤੀ ਦੇ ਰੂਹਾਨੀ ਟਿਕਾਓ ਵਿੱਚ ਵੀ ਵਿਘਨ ਪੈ ਜਾਂਦਾ ਹੈ। ਬੇਹੱਦ ਅਫ਼ਸੋਸ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀਆਂ ਅਤੇ ਹੈਡ ਗ੍ਰੰਥੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਰਮਿਆਨ, ਅੰਦਰੋ-ਅੰਦਰੀ ਧੁਖਦਾ ਲਫ਼ਜ਼ੀ ਤਕਰਾਰ, ਅੱਜ ਸਿੱਖ ਧਰਮ ਦੀ ਅਦਬੀ ਮਰਿਆਦਾ ਦੇ ਸਾਰੇ ਧਾਰਮਿਕ ਦਸਤੂਰਾਂ ਦਾ ਖੰਡਨ ਕਰਦੇ ਹੋਏ, ਹੁਣ ਇਕ ਅਨੈਤਿਕ ਟਕਰਾਅ ਦੀ ਸ਼ਕਲ ਇਖਤਿਆਰ ਕਰ ਗਿਆ ਹੈ ਅਤੇ ਕਿਸੇ ਵੀ ਪ੍ਰਬੰਧਕੀ ਮੁੱਖੀ ਨੇ ਇਸ ਵਿਸਫੋਟਕ ਸਥਿਤੀ ਨੂੰ ਟਾਲਣ ਲਈ, ਬਣਦੇ ਯੋਗ ਉਪਰਾਲੇ ਨਹੀਂ ਕੀਤੇ। ਸਿੱਖ ਕੌਮ ਲਈ ਇਸ ਤੋਂ ਵੱਡੀ ਮਾਨਸਿਕ ਪੀੜਾ ਤੇ ਸੰਤਾਪ ਹੋਰ ਕੀ ਹੋ ਸਕਦਾ ਹੈ, ਕਿ ਸਿੱਖ ਕੌਮ ਵਲੋਂ, ਗੁਰਦੁਆਰਾ ਸਾਹਿਬਾਨ ਦੇ ਸੁਚਾਰੂ ਅਤੇ ਮਰਿਆਦਤ ਪ੍ਰਬੰਧ ਵਾਸਤੇ, ਵਿਧੀ-ਵਿਧਾਨ ਅਨੁਸਾਰ ਚੁਣੀ ਗਈ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੇਇਮਾਨੀ ਕਾਰਨ ਆਪਣੇ ਸੰਸਥਾਗਤ ਪਤਨ ਦੇ ਅਖੀਰਲੇ ਪੜਾਅ 'ਤੇ ਪੁੱਜ ਚੁੱਕੀ ਹੈ। ਜਿਹੜੀ ਸੰਸਥਾ, ਮਹਿਜ਼ ਇਕ ਪਰਿਵਾਰ ਦੀ ਰਾਜਨੀਤਕ ਗੁਲਾਮੀ ਦੀ ਜ਼ਿੱਲਤ ਵਿਚ ਗਰਕ ਹੋ ਕੇ, ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਮਰਿਆਦਾ ਦੇ ਦਸਤੂਰਾਂ ਨੂੰ ਹੀ ਭੁੱਲ ਜਾਵੇ। ਅਜਿਹੇ ਪ੍ਰਬੰਧ ਦੇ ਪ੍ਰਬੰਧਕਾਂ ਤੋਂ ਸਾਰਥਿਕ ਸਿੱਟਿਆਂ ਦੀ ਉਮੀਦ ਰੱਖਣੀ, ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਨਿੱਤ-ਦਿਨ ਦੇ ਹਾਲਾਤ ਗਵਾਹ ਹਨ ਕਿ ਹੁਣ ਤਾਂ 'ਆਵਾ ਹੀ ਊਤ ਗਿਆ' ਹੈ।