ਮਹਾਪੁਰਸ਼ਾਂ ''ਚ ਵਧ ਰਿਹਾ ਟਕਰਾਅ ਸਿੱਖ ਕੌਮ ਵਿਚ ਖਾਨਾਜੰਗੀ ਦਾ ਰੂਪ ਧਾਰਨ ਕਰ ਸਕਦੈ : ਮਾਨ

Saturday, Nov 25, 2017 - 09:55 AM (IST)

ਮਹਾਪੁਰਸ਼ਾਂ ''ਚ ਵਧ ਰਿਹਾ ਟਕਰਾਅ ਸਿੱਖ ਕੌਮ ਵਿਚ ਖਾਨਾਜੰਗੀ ਦਾ ਰੂਪ ਧਾਰਨ ਕਰ ਸਕਦੈ : ਮਾਨ

ਅੰਮ੍ਰਿਤਸਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ ਆਦਿ ਨੇ ਸਾਂਝੇ ਤੌਰ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਹਰ ਰੋਜ਼ ਮਹਾਪੁਰਸ਼ਾਂ ਵਿਚ ਜਿਹੜਾ ਟਕਰਾਅ ਵੱਧ ਰਿਹਾ ਹੈ ਉਹ ਕਿਸੇ ਦਿਨ ਸਿੱਖ ਕੌਮ 'ਚ ਖਾਨਾਜੰਗੀ ਦਾ ਰੂਪ ਧਾਰਨ ਕਰ ਸਕਦਾ ਹੈ, ਜਿਸ ਨਾਲ ਸਿੱਖ ਕੌਮ ਦਾ ਕੌਮੀ ਤੇ ਸਿਧਾਂਤਕ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਅਤੇ ਕਾਂਗਰਸ ਪੰਥਕ ਵਿਰੋਧੀ ਸ਼ਕਤੀਆਂ ਨੂੰ ਬਲ ਮਿਲ ਸਕਦਾ ਹੈ ਤੇ ਸਿੱਖ ਕੌਮ ਦੀ ਦਸ਼ਾ ਵੀ ਹਾਸੋਹੀਣੀ ਬਣ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਇਨ੍ਹਾਂ ਸਾਰੇ ਮਹਾਪੁਰਸ਼ਾਂ ਦੀ ਬਣ ਸਕਦੀ ਹੈ। ਇਸ ਗੱਲ ਦੀ ਜਵਾਬਦੇਹੀ ਵੀ ਸਿੱਖ ਕੌਮ ਨੂੰ ਹੀ ਦੇਣੀ ਪੈਣੀ ਹੈ। ਇਹ ਸਾਰੇ ਝਗੜੇ ਆਪਸ ਵਿਚ ਮਿਲ-ਬੈਠ ਕੇ ਹੱਲ ਕੀਤੇ ਜਾ ਸਕਦੇ ਹਨ, ਜਿਸ ਤਰ੍ਹਾਂ ਪਹਿਲਾਂ 12 ਮਿਸਲਾਂ ਦੇ ਜਥੇਦਾਰ ਮਿਲ-ਬੈਠ ਕੇ ਕਰਦੇ ਸਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰ੍ਹਾਂ ਪੁਰਾਤਨ ਸਮੇਂ ਵਿਚ ਸਿੱਖਾਂ ਦੀਆਂ 12 ਮਿਸਲਾਂ ਦੇ ਜਥੇਦਾਰ ਆਪਸ 'ਚ ਮਤਭੇਤ ਹੋਣ ਦੇ ਬਾਵਜੂਦ ਕੌਮੀ ਲੜਾਈ ਲਈ ਇਕਜੁਟ ਹੋ ਜਾਂਦੇ ਸਨ ਤੇ ਜਥੇਦਾਰ ਉਨ੍ਹਾਂ ਨੂੰ ਤਲਬ ਵੀ ਕਰਦੇ ਸਨ, ਜੇਕਰ ਸਾਰੇ ਮਹਾਪੁਰਸ਼ ਆਪਸ ਵਿਚ ਮਿਲ-ਬੈਠ ਕੇ ਕੌਮੀ ਤੇ ਸਿਧਾਂਤਕ ਕਾਰਨਾਂ ਕਰ ਕੇ ਨਹੀਂ ਬੈਠ ਸਕਦੇ ਤਾਂ ਸ਼੍ਰੋਮਣੀ ਅਕਾਲੀ ਦਲ (ਅ) ਇਸ ਭਰਾ-ਮਾਰੂ ਸੰਕਟ ਦੌਰਾਨ ਨਿਮਾਣੇ ਸਿੱਖ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ। ਜੇਕਰ ਕੋਈ ਮਹਾਪੁਰਸ਼ ਆਪਸ ਵਿਚ ਝਗੜ ਪੈਂਦਾ ਹੈ ਤਾਂ ਇਕ ਧਿਰ ਐੱਫ. ਆਈ. ਆਰ. (ਮੁਕੱਦਮਾ) ਦਰਜ ਕਰਨ ਵਾਲੀ ਬਣ ਜਾਂਦੀ ਹੈ, ਕਹਿਣ ਤੋਂ ਭਾਵ ਮੁੱਦਈ, ਦੂਜੀ ਧਿਰ ਦੋਸ਼ੀ ਬਣ ਜਾਂਦੀ ਹੈ। ਇਸ ਤਰ੍ਹਾਂ ਇਹ ਸਾਰੇ ਦੋਸ਼ੀ ਤੇ ਮੁੱਦਈ ਧਿਰਾਂ ਸਰਕਾਰ ਦੀ ਸ਼ਰਨ ਵਿਚ ਆ ਜਾਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਹਰ ਸਮੇਂ ਇਨ੍ਹਾਂ ਨੂੰ ਸਰਕਾਰ ਦੀ ਮਦਦ ਲੈਣੀ ਪਵੇਗੀ। ਸਰਕਾਰ ਨੇ ਆਪਣੀ ਗੈਰ-ਸਿੱਖ ਨੀਤੀ ਵਰਤਦਿਆਂ ਦੋਵਾਂ ਧਿਰਾਂ ਨੂੰ ਨਿਘਾਰ ਵਿਚ ਲੈ ਜਾਣਾ ਹੈ।


Related News