ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਦਿੱਤਾ ਅਸਤੀਫ਼ਾ, ਕਿਹਾ ''ਸਾਡੇ ਨਾਲ ਵਿਧਾਨ ਸਭਾ ਵਿਚ ਹੁੰਦਾ ਹੈ ਭੇਦਭਾਵ''

Thursday, Aug 24, 2017 - 08:24 AM (IST)

ਬੈਂਸ ਭਰਾਵਾਂ ਨੇ ਵਿਧਾਨ ਸਭਾ ਕਮੇਟੀਆਂ ਤੋਂ ਦਿੱਤਾ ਅਸਤੀਫ਼ਾ, ਕਿਹਾ ''ਸਾਡੇ ਨਾਲ ਵਿਧਾਨ ਸਭਾ ਵਿਚ ਹੁੰਦਾ ਹੈ ਭੇਦਭਾਵ''

ਚੰਡੀਗੜ੍ਹ (ਭੁੱਲਰ)-ਲੁਧਿਆਣਾ ਦੇ ਬੈਂਸ ਭਰਾ ਵਿਧਾਇਕਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫ਼ੇ ਦੀ ਕਾਪੀ ਅੱਜ ਵਿਧਾਨ ਸਭਾ ਸਪੀਕਰ ਨੂੰ ਭੇਜੀ। ਬੈਂਸ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਭੇਦਭਾਵ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਉਠਾਇਆ ਹੈ। ਬੈਂਸ ਭਰਾ ਵਿਧਾਨ ਸਭਾ ਦੀ ਲਾਇਬ੍ਰੇਰੀ ਤੇ ਪੇਪਰ ਲੈੱਡ ਕਮੇਟੀ ਦੇ ਮੈਂਬਰ ਸਨ, ਜਿਸ ਤੋਂ ਉਨ੍ਹਾਂ ਨੇ ਅਸਤੀਫ਼ਾ ਦਿੱਤਾ।
ਬੈਂਸ ਭਰਾਵਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਹੋਏ ਬਜਟ ਸੈਸ਼ਨ ਅਤੇ ਇਸ ਤੋਂ ਪਹਿਲਾਂ ਦੇ ਸੈਸ਼ਨ ਦੌਰਾਨ ਉਨ੍ਹਾਂ ਨਾਲ ਭੇਦਭਾਵ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘੱਟ ਮਹੱਤਵ ਵਾਲੀਆਂ ਕਮੇਟੀਆਂ ਵਿਚ ਲਿਆ ਗਿਆ ਸੀ। ਸਪੀਕਰ ਨੂੰ ਭੇਜੇ ਗਏ ਅਸਤੀਫੇ ਵਿਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਹਿਯੋਗੀ ਪਾਰਟੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਕੱਠਿਆਂ ਸੀਟ ਅਲਾਟ ਨਹੀਂ ਕੀਤੀ ਗਈ। ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ਤੋਂ ਬੋਲਣ ਤੋਂ ਰੋਕਿਆ ਗਿਆ ਤੇ ਉਨ੍ਹਾਂ ਨੂੰ ਪ੍ਰਸ਼ਨਕਾਲ ਵਿਚ ਵੀ ਬੋਲਣ ਤੱਕ ਦਾ ਸਮਾਂ ਨਹੀਂ ਮਿਲਿਆ।
ਬੈਂਸ ਭਰਾਵਾਂ ਨੇ ਸਪੀਕਰ 'ਤੇ ਨਿਰਪੱਖ ਨਾ ਰਹਿ ਕੇ ਸੱਤਾ ਧਿਰ ਦੇ ਇਸ਼ਾਰਿਆਂ 'ਤੇ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਰੇਤ ਮਾਫ਼ੀਆ ਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਜਿਹੇ ਗੰਭੀਰ ਤੇ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਬੋਲਣ ਲਈ ਵੀ ਆਗਿਆ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਹਾਊਸ ਦੀ ਕਮੇਟੀ ਵਿਚ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸੈਸ਼ਨ ਵਿਚ ਉਹ ਆਪਣੀ ਆਵਾਜ਼ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਕਰਦੇ ਰਹਿਣਗੇ।


Related News