ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਿੱਖ ਨੌਜਵਾਨਾਂ ਨੂੰ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਲਈ ਸੱਦਾ

Thursday, Nov 07, 2019 - 01:03 AM (IST)

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਿੱਖ ਨੌਜਵਾਨਾਂ ਨੂੰ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਲਈ ਸੱਦਾ

ਸੁਲਤਾਨਪੁਰ ਲੋਧੀ,(ਦੀਪਕ): ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਕੌਮਾਂਤਰੀ ਸਮਾਗਮਾਂ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵ ਸਿੱਖ ਨੌਜਵਾਨ ਸੰਮੇਲਨ ਕਰਵਾਇਆ ਗਿਆ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਸਰੋਕਾਰਾਂ ਦੇ ਮੁਖਾਤਿਬ ਹੋ ਕੇ ਸਿੱਖ ਸੰਸਥਾਵਾਂ, ਸਿਧਾਂਤਾਂ ਤੇ ਸੰਕਲਪਾਂ ਨੂੰ ਉੱਚਾ ਚੁੱਕਣ ਦੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਪ੍ਰੰਪਰਾਵਾਂ, ਸਿਧਾਂਤਾਂ ਤੇ ਸੰਸਥਾਵਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ।

ਸਿੰਘ ਸਾਹਿਬ ਨੇ ਖਦਸ਼ਾ ਪ੍ਰਗਟ ਕੀਤਾ ਕਿ ਅੱਜ ਸਿੱਖ ਵਿਰੋਧੀ ਤਾਕਤਾਂ ਦਾ ਸਾਰਾ ਜ਼ੋਰ ਸਿੱਖ ਸੰਸਥਾਵਾਂ ਤੇ ਸਿਧਾਂਤਾਂ ਨੂੰ ਢਾਅ ਲਾਉਣ 'ਤੇ ਲੱਗਾ ਹੋਇਆ ਹੈ। ਸਿੱਖ ਨੌਜਵਾਨ ਜੇਕਰ ਆਪਣੀ ਕਾਬਲੀਅਤ, ਹੁਨਰ ਤੇ ਜੋਸ਼ੀਲੇਪਨ ਦੀ ਵਰਤੋਂ ਪੰਥ ਦੀ ਚੜ੍ਹਦੀ ਕਲਾ ਲਈ ਕਰਨ ਤਾਂ ਸਿੱਖ ਪੰਥ ਕਿਸੇ ਵੀ ਚੁਣੌਤੀ ਦਾ ਟਾਕਰਾ ਹੱਸ ਕੇ ਕਰ ਸਕਦਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਸਿੱਖਾਂ ਨੇ ਦੁਨੀਆ ਭਰ ਦੇ ਮੁਲਕਾਂ ਦੇ ਹਰ ਖੇਤਰ 'ਚ ਜਾ ਕੇ ਆਪਣੀ ਯੋਗਤਾ ਅਤੇ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ, ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਤੇ ਫ਼ਲਸਫ਼ੇ 'ਤੇ ਚੱਲਣ ਕਾਰਣ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ ਵਿਚ ਬੇਅੰਤ ਸੰਭਾਵਨਾਵਾਂ ਅਤੇ ਸਮਰੱਥਾਵਾਂ ਮੌਜੂਦ ਹਨ। ਅੱਜ ਦੀ ਸਿੱਖ ਨੌਜਵਾਨੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ 'ਤੇ ਚੱਲਦਿਆਂ ਪ੍ਰਤੀਕੂਲ ਹਾਲਾਤ ਨੂੰ ਵੀ ਅਨੁਕੂਲ ਬਣਾਉਣ ਦੇ ਕਾਬਲ ਬਣਨਾ ਚਾਹੀਦਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼ਤਾਬਦੀਆਂ ਮਨਾਉਣ ਦਾ ਉਦੇਸ਼ ਆਪਣੀ ਕੌਮ ਦੇ ਨੌਜਵਾਨਾਂ ਅੰਦਰ ਆਪਣੇ ਵਿਰਸੇ ਅਤੇ ਇਤਿਹਾਸ ਪ੍ਰਤੀ ਚੇਤਨਾ ਤੇ ਜਜ਼ਬਾ ਪੈਦਾ ਕਰਨਾ ਹੈ। ਉਨ੍ਹਾਂ ਅਜੋਕੇ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਅਤੇ ਸਿਧਾਂਤਾਂ 'ਚ ਪ੍ਰਪੱਕ ਬਣਾ ਕੇ ਪੰਥਕ ਸਟੇਜਾਂ 'ਤੇ ਲਿਆਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੱਜ ਦਾ ਇਹ ਵਿਸ਼ਵ ਸਿੱਖ ਨੌਜਵਾਨ ਸੰਮੇਲਨ ਵੀ ਇਸੇ ਸੰਦਰਭ 'ਚ ਇਕ ਕੋਸ਼ਿਸ਼ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੱਚ ਦੇ ਮਾਰਗ 'ਤੇ ਤੁਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਗੱਲ ਆਖੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਪ ਚੇਅਰਮੈਨ ਬਲਜੀਤ ਸਿੰਘ ਨੇ ਅਜੋਕੀ ਸਿੱਖ ਨੌਜਵਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਗੁਣਕਾਰੀ ਦੱਸਿਆ।

ਪ੍ਰੋ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਧਰਮ ਦੀ ਕਿਰਤ ਦੇ ਰਾਹ ਨੂੰ ਅਪਨਾਉਣਾ ਚਾਹੀਦਾ ਹੈ। ਡਾ. ਗੁਰਮੰਗਤਪਾਲ ਸਿੰਘ ਲੁਧਿਆਣਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਇਆ ਨਿਸ਼ਕਾਮ ਸੇਵਾ ਦਾ ਸੰਕਲਪ ਅਜੋਕੇ ਸਮੇਂ ਸੰਸਾਰ 'ਚ ਭਾਈਚਾਰਾ ਤੇ ਅਮਨ-ਸ਼ਾਂਤੀ ਸਥਾਪਿਤ ਕਰਨ ਦਾ ਸਟੀਕ ਵਸੀਲਾ ਸਾਬਿਤ ਹੋ ਸਕਦਾ ਹੈ। ਗੁਰਜਿੰਦਰਪਾਲ ਸਿੰਘ ਲਖਨਊ ਅਤੇ ਭਾਈ ਪ੍ਰਤਾਪ ਸਿੰਘ ਯੂ. ਕੇ. ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੀ ਅਜੋਕੇ ਸਮਾਜਿਕ ਪ੍ਰਸੰਗ 'ਚ ਸੰਖੇਪ ਵਿਆਖਿਆ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੀ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਤੋਰਨ 'ਚ ਮਾਪਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ।


Related News