ਪੰਜਾਬ ਦੀ 'ਸਿੱਖ ਸਿਆਸਤ' 'ਚ ਵੱਡੀ ਕਰਵਟ ਦੇ ਆਸਾਰ!, ਸਾਂਝੀ ਕਮੇਟੀ ਲਈ ਖ਼ਾਕਾ ਤਿਆਰ
Monday, Nov 09, 2020 - 08:48 AM (IST)
ਮੋਹਾਲੀ (ਪਰਦੀਪ) : ਪੰਜਾਬ ਦੀ ਸਿੱਖ ਰਾਜਨੀਤੀ 'ਚ ਆਉਣ ਵਾਲੇ ਦਿਨਾਂ ਦੌਰਾਨ ਵੱਡੀ ਕਰਵਟ ਦੇ ਆਸਾਰ ਬਣ ਗਏ ਹਨ। ਪੰਥਕ ਏਕਤਾ ਦੇ ਮੁੱਦੇ ’ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮੁਕਤ ਕਰਵਾਉਣ ਦੇ ਮਕਸਦ ਹਿੱਤ ਵਿਰੋਧੀ ਪਾਰਟੀਆਂ ਦੇ ਅਹਿਮ ਆਗੂਆਂ 'ਚ ਬੈਠਕਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਨ੍ਹਾਂ ਬੈਠਕਾਂ 'ਚ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਕ ਪਲੇਟਫਾਰਮ ਤੋਂ ਇਕੱਠਿਆਂ ਲੜਾਈ ਲੜਨੀ ਪਵੇਗੀ, ਇਸ ਲਈ ਸਾਰਿਆਂ 'ਚ ਸਹਿਮਤੀ ਬਣੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਿਕਣਗੇ 'ਪਟਾਕੇ', ਸਟਾਲ ਲਾਉਣ ਦੀ ਤਿਆਰੀ ਸ਼ੁਰੂ (ਵੀਡੀਓ)
ਪੰਥਕ ਮੁੱਦੇ 'ਤੇ ਸਾਂਝੀ ਕੋ-ਆਰਡੀਨੇਸ਼ਨ ਕਮੇਟੀ ਲਈ ਖ਼ਾਕਾ ਤਿਆਰ ਕਰਨ ਲਈ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਖ਼ੁਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਪੁੱਜੇ। ਆਪਸੀ ਸਹਿਮਤੀ ਲਈ ਅਗਲੀ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੀ ਸ਼ਾਮਲ ਹੋਏ ਅਤੇ ਇਹ ਨੇਤਾ ਬਾਬਾ ਸਰਵਜੋਤ ਸਿੰਘ ਬੇਦੀ ਦੇ ਨਿਵਾਸ ਸਥਾਨ 'ਤੇ ਪੁੱਜੇ ਅਤੇ ਲੰਮੀ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਰਿਆਂ ਵੱਲੋਂ ਪੰਥਕ ਰਵਾਇਤਾਂ ਨੂੰ ਧਿਆਨ ’ਚ ਰੱਖਦਿਆਂ ਇਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਵੇ, ਜੋ ਸਿਰਫ ਧਾਰਮਿਕ ਖੇਤਰ ਨਾਲ ਹੀ ਸਬੰਧਿਤ ਹੋਵੇ। ਇਸ ਕਮੇਟੀ 'ਚ ਸ਼ਾਮਲ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨਾਲ ਵੀ ਗੱਲਬਾਤ ਜਾਰੀ ਰੱਖੀ ਜਾਵੇ। ਭਾਵੇਂ ਕੁੱਝ ਵੀ ਹੋਵੇ ਪਰ ਜਿਹੜੇ ਸਿਆਸੀ ਮਾਹਿਰ ਅਤੇ ਨੇਤਾ ਉਮਰ ਦਰਾਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਹਾਸ਼ੀਏ 'ਤੇ ਸਮਝਿਆ ਗਿਆ ਸੀ, ਹੁਣ ਇਹੀ ਨੇਤਾ ਆਪਣੇ ਲੰਮੇ ਸਿਆਸੀ ਤਜ਼ਰਬੇ ਦੇ ਆਧਾਰ ’ਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ। ਇਸ ਸਬੰਧੀ ਸਿਆਸੀ ਮਾਹਿਰਾਂ ਦਾ ਇਹ ਸਪੱਸ਼ਟ ਕਹਿਣਾ ਹੈ ਕਿ ਭਾਵੇਂ ਇਨ੍ਹਾਂ ਨੇਤਾਵਾਂ ਵਿਚਕਾਰ ਗੱਲਬਾਤ ਦਾ ਦੌਰ ਮੁੱਢਲਾ ਹੈ ਪਰ ਜੇਕਰ ਇਹੀ ਨੇਤਾ ਇਮਾਨਦਾਰੀ ਨਾਲ ਪੰਥਕ ਏਕਤਾ ਕਰਨ 'ਚ ਸਫਲ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਨੂੰ ਪੰਥਕ ਪਲੇਟਫਾਰਮ ’ਤੇ ਲੜਾਈ ਲੜਨੀ ਸੌਖੀ ਨਹੀਂ ਰਹੇਗੀ।
ਇਹ ਵੀ ਪੜ੍ਹੋ : ਡਰੱਗ ਰੈਕਟ 'ਚ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਅਕਾਲੀ-ਕਾਂਗਰਸੀ ਆਹਮੋ-ਸਾਹਮਣੇ
ਬੇਦੀ ਨਾਲ ਹੋ ਚੁੱਕੀ ਹੈ ਮੁੱਢਲੇ ਦੌਰ ਦੀ ਗੱਲਬਾਤ : ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਥਕ ਮੁੱਦਿਆਂ 'ਤੇ ਖਾਸ ਕਰ ਕੇ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਸੰਦਰਭ 'ਚ ਬਾਬਾ ਸਰਵਜੋਤ ਸਿੰਘ ਬੇਦੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੀਟਿੰਗ ਹੋਈ ਹੈ, ਜਿਸ 'ਚ ਸਾਂਝੀ ਕੋ-ਆਰਡੀਨੇਸ਼ਨ ਕਮੇਟੀ ਬਣਾਉਣ ਸਬੰਧੀ ਮੁੱਢਲੇ ਦੌਰ ਦੀ ਗੱਲਬਾਤ ਹੋਈ ਹੈ ਅਤੇ ਆਉਣ ਵਾਲੇ ਸਮੇਂ 'ਚ ਵੀ ਇਹ ਗੱਲਬਾਤ ਜਾਰੀ ਰਹੇਗੀ।
ਇਹ ਵੀ ਪੜ੍ਹੋ : ਪੈਟਰੋਲ ਪੰਪ ਨੇੜਲੇ ਗੋਦਾਮ 'ਚੋਂ 'ਪਟਾਕਿਆਂ' ਦਾ ਵੱਡਾ ਜ਼ਖ਼ੀਰਾ ਬਰਾਮਦ, ਕਈ ਸਾਲਾਂ ਤੋਂ ਚੱਲ ਰਿਹਾ ਸੀ ਧੰਦਾ
ਅਕਾਲੀ ਦਲ ਟਕਸਾਲੀ ਹੈ ਪੰਥਕ ਏਕਤਾ ਦਾ ਹਾਮੀ : ਜੱਥੇਦਾਰ ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਪੰਥਕ ਮੁੱਦਿਆਂ ਸਬੰਧੀ ਹੋਈ ਇਸ ਮੀਟਿੰਗ ਬਾਰੇ ਕਿਹਾ ਕਿ ਅਕਾਲੀ ਦਲ ਟਕਸਾਲੀ ਹਮੇਸ਼ਾਂ ਪੰਥਕ ਏਕਤਾ ਦਾ ਹਾਮੀ ਰਿਹਾ ਹੈ ਅਤੇ ਉਹ ਅਗਾਂਹ ਵੀ ਇਸ ਗੱਲਬਾਤ ਨੂੰ ਜਾਰੀ ਰੱਖੇਗਾ ਅਤੇ ਬਾਬਾ ਸਰਵਜੋਤ ਸਿੰਘ ਬੇਦੀ ਦੇ ਨਿਵਾਸ 'ਤੇ ਮੀਟਿੰਗ 'ਚ ਜੋ ਕੁੱਝ ਵੀ ਤੈਅ ਹੋ ਚੁੱਕਿਆ ਹੈ, ਉਸ ਮੁਤਾਬਕ ਹੀ ਕੰਮ ਕਰੇਗਾ।
ਗੁਰੂਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਵਾਲਿਆਂ ਨੂੰ ਹੀ ਲਿਆਂਦਾ ਜਾਵੇਗਾ ਅੱਗੇ : ਪੀਰ ਮੁਹੰਮਦ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਥਕ ਮੁੱਦਿਆਂ 'ਤੇ ਹੋਈ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰ ਉਸ ਵਿਅਕਤੀ, ਪੰਥਕ ਜੱਥੇਬੰਦੀ ਅਤੇ ਪਾਰਟੀ ਨਾਲ ਏਕਤਾ ਅਤੇ ਗਠਜੋੜ ਕਰਨ ਲਈ ਹਰ ਵੇਲੇ ਤਿਆਰ ਹੈ, ਜੋ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਖ਼ਿਲਾਫ਼ ਕੰਮ ਕਰੇ। ਉਨ੍ਹਾਂ ਕਿਹਾ ਕਿ ਗੁਰੂਘਰਾਂ ਦਾ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਦੇ ਸਮਰੱਥ ਧਾਰਮਿਕ ਵਿਅਕਤੀਆਂ ਨੂੰ ਹੀ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਇਸ ਗੱਲ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿਣਗੇ।