ਸੁਲਤਾਨਪੁਰ ਲੋਧੀ ''ਚ ਸਿੱਖ ਜਥੇਬੰਦੀਆਂ ''ਤੇ ਸ਼ਰਾਬ ਠੇਕੇਦਾਰਾਂ ਵਿਚਾਲੇ ਝੜਪ

09/13/2019 6:51:33 PM

ਸੁਲਤਾਨਪੁਰ ਲੋਧੀ (ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੇ ਸਾਰੇ ਸਵਾਗਤੀ ਗੇਟਾਂ ਮੁਹਰੇ ਖੋਹਲੇ ਗਏ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ 'ਤੇ ਬੈਠੀਆਂ ਸਿੱਖ ਜਥੇਬੰਦੀਆਂ ਅਤੇ ਸ਼ਰਾਬ ਦੇ ਠੇਕੇਦਾਰ ਵਿਚਾਲੇ ਖੂਨੀ ਝੜਪ ਹੋ ਗਈ। ਇਸ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਤੇ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਪੁਲਸ ਫੋਰਸ ਸਮੇਤ ਪੁੱਜ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸ਼ਰਾਬ ਦਾ ਠੇਕਾ ਬੰਦ ਕਰਨ ਗਏ ਦੋ ਦਰਜਨ ਦੇ ਕਰੀਬ ਸਿੱਖ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਗੱਡੀਆਂ 'ਚ ਬਿਠਾ ਕੇ ਥਾਣੇ ਲੈ ਗਏ। ਪੁਲਸ ਦੀ ਹੁਸ਼ਿਆਰੀ ਕਾਰਨ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

PunjabKesari
ਜ਼ਿਕਰਯੋਗ ਹੈ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਕੌਮਾਂਤਰੀ ਪੱਧਰ 'ਤੇ ਕਰਵਾਏ ਜਾਣ ਲਈ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ ਤੇ ਸੁਲਤਾਨਪੁਰ ਲੋਧੀ ਨੇੜੇ ਲੋਹੀਆਂ ਰੋਡ 'ਤੇ ਗੁਰੂ ਕੇ ਲੰਗਰ ਲਗਾਉਣ ਲਈ ਤੇ ਸੰਗਤਾਂ ਦੀ ਰਿਹਾਇਸ਼ ਲਈ ਟੈਟ ਸਿਟੀ ਬਣਾਈ ਜਾ ਰਹੀ ਹੈ।

PunjabKesari

ਦੂਜੇ ਪਾਸੇ ਸਰਕਾਰ ਵਲੋਂ ਸ਼ਰਾਬ ਦੇ ਠੇਕੇ ਵੀ ਬਿਲਕੁਲ ਸਾਹਮਣੇ ਖੁਲਵਾਏ ਜਾਣ ਕਾਰਨ ਰੋਸ ਵਜੋਂ ਅੱਜ ਸਵੇਰੇ ਵੱਡੀ ਗਿਣਤੀ 'ਚ ਇੰਟਰਨੈਸ਼ਨਲ ਪੰਥਕ ਦਲ ਪੰਜਾਬ ਦੇ ਸਿੱਖ ਕਾਰਕੁੰਨ ਪੁੱਜੇ ਹੋਏ ਸਨ, ਜਿਨ੍ਹਾਂ ਪਹਿਲਾਂ ਠੇਕੇ ਮੁਹਰੇ ਸ਼ਾਂਤਮਈ ਰੋਸ ਧਰਨਾ ਦਿੱਤਾ ਤੇ ਉਪਰੰਤ ਇਕ ਘੰਟੇ ਬਾਅਦ ਲੋਹੀਆਂ ਚੁੰਗੀ ਪੁਲ ਸੁਲਤਾਨਪੁਰ ਲੋਧੀ ਨੂੰ ਜਾਮ ਲਗਾ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਜਦੋਂ ਫਿਰ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਨਾ ਪੁੱਜਾ ਤਾਂ ਸਿੱਖ ਜਥੇਬੰਦੀ ਦੇ ਵਰਕਰ ਜਿਨ੍ਹਾਂ 'ਚੋ ਕੁਝ ਨਿਹੰਗ ਸਿੰਘਾਂ ਕੋਲ ਹੱਥਾਂ 'ਚ ਬਰਸ਼ੇ ਫੜੇ ਹੋਏ ਸਨ, ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਉਂਦੇ ਅੱਗੇ ਵਧੇ ਤੇ ਸ਼ਰਾਬ ਦੇ ਠੇਕੇ ਦਾ ਸ਼ਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਪਹਿਲਾਂ ਹੀ ਤਿੱਖੇ ਸੂਏ ਤੇ ਡਾਗਾਂ ਆਦਿ ਲੈ ਕੇ ਤਿਆਰ ਬਰ ਤਿਆਰ ਖੜ੍ਹੇ ਠੇਕੇ ਦੇ ਕਰਿੰਦਿਆਂ ਨਾਲ ਤਕਰਾਰ ਹੋ ਗਈ ਤੇ ਸ਼ਰਾਬ ਦੇ ਠੇਕੇ ਦੀ ਸੁਰੱਖਿਆ ਲਈ ਪੁਲਸ ਫੋਰਸ ਨੇ ਪੂਰੀ ਤਾਕਤ ਲਗਾ ਕੇ ਸਿੱਖ ਜਥੇਬੰਦੀ ਦੇ ਵਰਕਰਾਂ ਨੂੰ ਠੇਕੇ 'ਚੋਂ ਧੱਕੇ ਮਾਰ ਕੇ ਬਾਹਰ ਕੱਢਿਆ। ਇਸ ਸਮੇਂ ਸ਼ਰਾਬ ਠੇਕੇਦਾਰਾਂ ਤੇ ਸਿੱਖ ਸੰਗਤਾਂ ਵਿਚਾਲੇ ਜ਼ਬਰਦਸਤ ਹੱਥੋ-ਪਾਈ ਵੀ ਹੋਈ ਜਿਸ ਤੋਂ ਬਾਅਦ ਪੁਲਸ ਨੇ ਦੋ ਦਰਜਨ ਦੇ ਕਰੀਬ ਸਿੱਖ ਵਰਕਰਾਂ ਨੂੰ ਗੱਡੀਆਂ 'ਚ ਬਿਠਾ ਕੇ ਹਿਰਾਸਤ 'ਚ ਲੈ ਲਿਆ । 

PunjabKesari

ਥਾਣਾ ਸੁਲਤਾਨਪੁਰ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਸਿੱਖ ਜਥੇਬੰਦੀ ਵਲੋਂ ਧੱਕੇਸ਼ਾਹੀ ਕਰਦਿਆਂ ਸ਼ਰਾਬ ਦੇ ਠੇਕੇਦਾਰ ਤੇ ਕਰਿੰਦੇ ਨੂੰ ਜ਼ਖਮੀ ਕਰ ਦਿੱਤਾ ਜਿਸ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਠੇਕੇ ਦੇ ਕਰਿੰਦਿਆਂ ਦੇ ਹੱਥਾਂ 'ਚ ਵੀ ਤਿੱਖੇ ਤੇਜ਼ਧਾਰ ਸੂਏ ਫੜੇ ਹੋਏ ਸਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੂਏ ਤਾਂ ਮੈਂ ਨਹੀਂ ਦੇਖੇ ਜਦਕਿ ਨਿਹੰਗ ਸਿੰਘਾਂ ਦੇ ਬਰਸ਼ੇ ਜ਼ਰੂਰ ਕਾਬੂ ਕੀਤੇ ਗਏ ਹਨ। 

PunjabKesari
ਸੁਲਤਾਨਪੁਰ ਲੋਧੀ 'ਚ ਸਿੱਖ ਜਥੇਬੰਦੀਆਂ ਤੇ ਸ਼ਰਾਬ ਠੇਕੇਦਾਰਾਂ 'ਚ ਹੋਈ ਝੜਪ ਤੋਂ ਬਾਅਦ ਸਥਿਤੀ ਹੋਰ ਵੀ ਵਿਸਫੋਟਿਕ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਪਵਿੱਤਰ ਨਗਰੀ 'ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਲਾਮਬੰਦ ਹੋਣੀਆਂ ਸ਼ੁਰੂ ਹੋ ਗਈਆਂ ਹਨ ।


Gurminder Singh

Content Editor

Related News