''ਲਲਕਾਰ ਰੈਲੀ'' ਨੂੰ ਰੋਕਣ ਲਈ ਸੈਂਕੜੇ ਸਿੱਖ ਹੋਏ ਇਕੱਠੇ, ਅੰਮ੍ਰਿਤਸਰ ਹਾਈਵੇਅ ਜਾਮ (ਤਸਵੀਰਾਂ)
Wednesday, May 25, 2016 - 11:41 AM (IST)
ਅੰਮ੍ਰਿਤਸਰ : ਸ਼ਿਵ ਸੈਨਾ ਦੀ ''ਲਲਕਾਰ ਰੈਲੀ'' ਨੂੰ ਰੋਕਣ ਲਈ ਬੁੱਧਵਾਰ ਨੂੰ ਵੱਡੀ ਗਿਣਤੀ ''ਚ ਸਿੱਖ ਬਿਆਸ ਦਰਿਆ ''ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਅੰਮ੍ਰਿਤਸਰ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਟ੍ਰੈਫਿਕ ਦਾ ਰੂਟ ਸੁਭਾਨਪੁਰ ਨੇੜਿਓਂ ਬਦਲਿਆ ਜਾ ਰਿਹਾ ਹੈ।
ਬਿਆਸ ਦਰਿਆ ''ਤੇ ਭਾਰੀ ਗਿਣਤੀ ''ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਕਿਉਂਕਿ ਜੇਕਰ ਸ਼ਿਵ ਸੈਨਾ ਦੀ ਰੈਲੀ ਇੱਥੇ ਆਉਂਦੀ ਹੈ ਤਾਂ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਭਾਰੀ ਟਕਰਾਅ ਵਾਲੇ ਹਾਲਾਤ ਬਣ ਸਕਦੇ ਹਨ। ਦੂਜੇ ਪਾਸੇ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਅਜੇ ਤਾਂ ਸਿਰਫ ਕੁੱਝ ਲੋਕ ਹੀ ਇੱਥੇ ਪੁੱਜੇ ਹਨ, ਜਦੋਂ ਕਿ ਪੂਰੇ ਪੰਜਾਬ ''ਚੋਂ ਅਜੇ ਕਈ ਕਾਫਲੇ ਉੱਥੇ ਪੁੱਜਣੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਨੂੰ ਬਿਆਸ ਦਰਿਆ ਪਾਰ ਨਹੀਂ ਕਰਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹਿੰਦੂ ਸੁਰੱਖਿਆ ਕਮੇਟੀ ਅਤੇ ਅਖਿਲ ਭਾਰਤੀ ਹਿੰਦੂ ਵਿਦਿਆਰਥੀ ਸੰਗਠਨ ਵਲੋਂ 25 ਮਈ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ''ਲਲਕਾਰ ਰੈਲੀ'' ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਾਅਦ ਸੋਸ਼ਲ ਮੀਡੀਆ ''ਤੇ ਜੰਗ ਛਿੜ ਗਈ ਸੀ। ਜਿੱਥੇ ਸਿੱਖ ਸੰਗਠਨਾਂ ਦਾ ਕਹਿਣਾ ਸੀ ਕਿ ਉਹ ਇਸ ਰੈਲੀ ਨੂੰ ਅੰਮ੍ਰਿਤਸਰ ''ਚ ਦਾਖਲ ਨਹੀਂ ਹੋਣ ਦੇਣਗੇ, ਉੱਥੇ ਹੀ ਸ਼ਿਵ ਸੈਨਾ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਕਿਹਾ ਸੀ ਕਿ ਜੇਕਰ ਸਿੱਖ ਸੰਗਠਨਾਂ ਨੇ ਉਨ੍ਹਾਂ ਦੀ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ।