ਸਾਬਕਾ ਅਕਾਲੀ ਮੰਤਰੀ ਨੇ ਨਿਸ਼ਾਨੇ ''ਤੇ ਲਿਆ ਕਾਂਗਰਸੀ ਵਿਧਾਇਕ
Tuesday, May 05, 2020 - 04:40 PM (IST)
ਤਲਵੰਡੀ ਸਾਬੋ (ਗਰਗ) : ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਦੀ ਥਾਣਾ ਮੁੱਖੀ ਨਾਲ ਫੋਨ 'ਤੇ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸਿਆਸਤ ਭੱਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪੁਲਸ ਨੂੰ ਕੋਰੋਨਾ ਵਾਇਰਸ ਦੌਰਾਨ ਦਿੱਤੀ ਜਾ ਰਹੀ ਡਿਊਟੀ ਦੇ ਯੋਧੇ ਦੱਸਦੇ ਹੋਏ ਕਾਂਗਰਸੀ ਵਿਧਾਇਕ ਨੂੰ ਨਿਸ਼ਾਨੇ 'ਤੇ ਲਿਆ ਹੈ, ਜਦੋਂ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਵੀ ਕਾਂਗਰਸ ਨੂੰ ਅਕਾਲੀ ਦਲ ਘੇਰਦਾ ਨਜ਼ਰ ਆਇਆ।
ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕੋਰੋਨਾ ਵਾਇਰਸ ਸਮੇਂ ਸਿਹਤ ਵਿਭਾਗ ਅਤੇ ਪੁਲਸ ਮੁਲਾਜ਼ਮ ਬੜੀ ਔਖੀ ਡਿਊਟੀ ਨਿਭਾ ਰਹੇ ਹਨ ਪਰ ਜੇ ਕੋਈ ਆਪਣੀ ਪਾਵਰ ਦਿਖਾ ਕੇ ਉਨ੍ਹਾਂ ਦੀ ਡਿਊਟੀ 'ਚ ਵਿਗਨ ਪਾ ਰਿਹਾ ਹੈ ਜਾਂ ਆਪਣਾ ਰੌਅਬ ਦਿਖਾ ਰਿਹਾ ਹੈ, ਉਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੇਵਾ ਦੀ ਜਗਾ ਫਾਇਦਾ ਲੈਣ 'ਚ ਲੱਗੀ ਹੋਈ ਹੈ, ਜਿਸ ਕਰਕੇ ਰਾਸ਼ਨ ਵੰਡਣ ਲਈ ਫੋਟੋ ਲਗਾਉਣ ਦੇ ਚੱਕਰ 'ਚ ਰਾਸ਼ਨ ਲੈਸ ਕਰ ਦਿੱਤਾ ਜਾਂਦਾ ਹੈ। ਸਾਬਕਾ ਅਕਾਲੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਫਿਕਰ ਨਾਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਜ਼ਿਆਦਾ ਫਿਕਰ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਚੱਲਦੇ ਨਿਭਾਈ ਜਾ ਰਹੀ ਸੇਵਾ ਨੂੰ ਦੇਖਦੇ ਹੋਏ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਹਲਕੇ ਰਾਮਪੁਰਾ ਤੋਂ ਕਈ ਟਰਾਲੀਆ ਕਣਕ ਦੀਆਂ ਭਰ ਕੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਲੈ ਕੇ ਪੁੱਜੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਹਰ ਸੇਵਾ 'ਚ ਹਿੱਸਾ ਪਾਉਣ ਲਈ ਤਿਆਰ ਰਹਿੰਦੇ ਹਨ।