ED ਦੀ ਰੇਡ ’ਤੇ ਬੋਲੇ ਸਿੱਧੂ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ

Monday, Jan 24, 2022 - 12:10 PM (IST)

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਈ. ਡੀ. ਦੀ ਰੇਡ ਅਤੇ 10 ਕਰੋੜ ਰੁਪਏ ਦੀ ਰਿਕਵਰੀ ਦੇ ਮਾਮਲੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਹਾਂ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਚੰਡੀਗੜ੍ਹ ’ਚ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਇਸ ਮਾਮਲੇ ’ਚ ਕਿਸੇ ਨਾਲ ਸਬੰਧ ਦਾ ਸਬੂਤ ਪੇਸ਼ ਕਰਦੀਆਂ ਹਨ ਤਾਂ ਉਹ ਪਹਿਲੇ ਅਜਿਹੇ ਵਿਅਕਤੀ ਹੋਣਗੇ, ਜੋ ਆਲੋਚਨਾ ਕਰਨਗੇ ਪਰ ਜੇਕਰ ਕੋਈ ਰਾਜਨੀਤਕ ਬਦਲੇ ਨਾਲ ਕਾਰਵਾਈ ਕਰੇਗਾ ਤਾਂ ਸਿੱਧੂ ਨਾਲ ਨਹੀਂ ਹੈ। ਅਜਿਹਾ ਇਸ ਲਈ ਹੈ ਕਿ ਸਿੱਧੂ ਨੂੰ ਪਤਾ ਹੈ ਕਿ ਈ. ਡੀ., ਸੀ. ਬੀ. ਆਈ. ਅਤੇ ਪੁਲਸ ਦਾ ਰਾਜਨੀਤਕ ਇਸਤੇਮਾਲ ਕੀਤਾ ਜਾਂਦਾ ਹੈ। 2018 ਦੇ ਜਿਸ ਮਾਮਲੇ ਵਿਚ ਈ. ਡੀ. ਨੇ ਮੁੱਖ ਮੰਤਰੀ ਦੇ ਰਿਸ਼ਤੇਦਾਰ ’ਤੇ ਛਾਪਾ ਮਾਰਿਆ ਹੈ, ਉਸ ਮਾਮਲੇ ਨੂੰ ਦਰਜ ਹੋਏ ਕਰੀਬ 4 ਸਾਲ ਹੋ ਚੁੱਕੇ ਹਨ। ਕੁੰਭਕਰਨ ਵੀ 6 ਮਹੀਨਿਆਂ ਬਾਅਦ ਸੌਂ ਕੇ ਉੱਠ ਜਾਂਦਾ ਸੀ, ਤੁਸੀਂ ਤਾਂ ਕੁੰਭਕਰਨ ਦੇ ਵੀ ਪਿਤਾ ਨਿਕਲੇ ਕਿ ਤੁਸੀਂ ਚਾਰ ਸਾਲ ਸੌਂਦੇ ਰਹੇ ਅਤੇ ਚੋਣਾਂ ਤੋਂ ਠੀਕ ਪਹਿਲਾਂ ਤੁਸੀਂ ਈ. ਡੀ. ਲਿਆ ਕੇ ਖੜ੍ਹੀ ਕਰ ਰਹੇ ਹੋ। ਈ. ਡੀ. ਹੀ ਨਹੀਂ ਸਗੋਂ ਸਾਰੇ ਲੋਕਾਂ ਨੇ ਪਿਛਲੇ ਦਿਨੀਂ ਸਾਰੀਆਂ ਕੇਂਦਰੀ ਏਜੰਸੀਆਂ ਦੀ ਕਾਰਜ ਪ੍ਰਣਾਲੀ ਵੇਖੀ ਹੈ।.

ਇਹ ਵੀ ਪੜ੍ਹੋ : ਸਾਡਾ ਸਰਵੇਖਣ ਦਿਖਾ ਰਿਹੈ ਸੀ. ਐੱਮ. ਚੰਨੀ ਚਮਕੌਰ ਸਾਹਿਬ ਤੋਂ ਹਾਰ ਰਹੇ : ਕੇਜਰੀਵਾਲ

ਗੱਲਬਾਤ ਦੌਰਾਨ ਸਿੱਧੂ ਤੋਂ ਪੁੱਛਿਆ ਗਿਆ ਕਿ ਤੁਸੀਂ ਕਹਿ ਰਹੇ ਹੋ ਕਿ ਈ. ਡੀ. ਅਤੇ ਪੁਲਸ ਦਾ ਸਿਆਸੀਕਰਨ ਹੋ ਰਿਹਾ ਹੈ ਤਾਂ ਕੀ ਪੰਜਾਬ ਪੁਲਸ ਸਿਆਸੀਕਰਨ ਤੋਂ ਮੁਕਤ ਹੈ? ਸ਼੍ਰੋਮਣੀ ਅਕਾਲੀ ਦਲ ਨੇਤਾ ਬਿਕਰਮ ਮਜੀਠੀਆ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ ਵਿਚ ਤੁਹਾਡੇ ਵਲੋਂ ਦਬਾਅ ਬਣਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਅਜਿਹੇ ਵਿਚ ਈ. ਡੀ. ਦੀ ਕਾਰਵਾਈ ਨਾਜਾਇਜ਼ ਅਤੇ ਪੰਜਾਬ ਪੁਲਸ ਦੀ ਕਾਰਵਾਈ ਨੂੰ ਕੀ ਜਾਇਜ਼ ਠਹਿਰਾਇਆ ਜਾ ਸਕਦਾ ਹੈ ? ਇਸਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਇਹ ਬੇਕਾਰ ਦੀਆਂ ਗੱਲਾਂ ਹਨ। ਮਜੀਠੀਆ ’ਤੇ ਸਭ ਤੋਂ ਪਹਿਲਾਂ ਕਾਰਵਾਈ ਈ. ਡੀ. ਨੇ ਕੀਤੀ ਸੀ। ਈ. ਡੀ. ਦੇ ਇੱਕ ਅਧਿਕਾਰੀ ਦਾ ਤਬਾਦਲਾ ਤੱਕ ਹੋ ਗਿਆ। ਉਹ ਈ. ਡੀ. ਦਾ ਕੇਸ ਝੂਠ ਨਹੀਂ ਸੀ ਕਿਉਂਕਿ ਭੋਲਾ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਰੈਕੇਟ ਵਿਚ ਫਸਿਆ ਸੀ। ਉਸੇ ਭੋਲੇ ਦੇ ਬਿਆਨ ’ਤੇ ਸਭ ਕੁਝ ਹੋਇਆ। ਬਿੱਟੂ ਔਲਖ ਤੋਂ ਇਲਾਵਾ ਸੱਤਾ, ਪਿੰਦੀ ਅਤੇ ਅਮਰਿੰਦਰ ਸ਼ਾਮਲ ਸਨ ਅਤੇ ਇਨ੍ਹਾਂ ਤਿੰਨਾਂ ਦੀ ਭਾਰਤ ਸਰਕਾਰ ਦੇ ਜ਼ਰੀਏ ਹਵਾਲਗੀ ਦੀ ਮੰਗ ਕੀਤੀ ਗਈ ਹੈ, ਜਿਸਦੀ ਮਨਜ਼ੂਰੀ ਅੱਜ ਤਕ ਨਹੀਂ ਮਿਲੀ। ਨਵਜੋਤ ਸਿੱਧੂ ਨੇ ਤਾਂ ਐੱਸ. ਟੀ. ਐੱਫ. ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਹਾਈ ਕੋਰਟ ਨੇ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਕਾਰਵਾਈ ਲਈ ਕਿਹਾ ਸੀ ਪਰ ਕੈਪਟਨ ਨੇ ਅੱਖਾਂ ਬੰਦ ਕਰ ਲਈਆਂ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ 6 ਡੇਰੇ 68 ਸੀਟਾਂ ’ਤੇ ਪਾਉਂਦੇ ਹਨ ਸਿੱਧਾ ਅਸਰ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News