ਸਿੱਧੂ ਮੂਸੇਵਾਲਾ ਕਤਲ ਕਾਂਡ: ਪ੍ਰਤਾਪ ਬਾਜਵਾ ਨੇ CM ਮਾਨ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

Sunday, Jun 05, 2022 - 08:28 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ: ਪ੍ਰਤਾਪ ਬਾਜਵਾ ਨੇ CM ਮਾਨ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

ਗੁਰਦਾਸਪੁਰ (ਜੀਤ ਮਠਾਰੂ) : ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਸਬੰਧ 'ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਮੰਗ ਅਨੁਸਾਰ ਇਹ ਜਾਂਚ ਤੁਰੰਤ ਸੀ.ਬੀ.ਆਈ. ਜਾਂ ਐੱਨ.ਆਈ.ਏ. ਨੂੰ ਤਬਦੀਲ ਕੀਤੀ ਜਾਵੇ। ਬਾਜਵਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੁੱਖ ਸਰਕਾਰ ਨੇ ਏ.ਡੀ.ਜੀ.ਪੀ. ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਸੀ ਅਤੇ ਇਸ ਨੂੰ ਸਮਰੱਥ ਫੋਰਸ ਦੱਸ ਕੇ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਫੋਰਸ ਗੈਂਗਸਟਰਾਂ ਦੇ ਖਤਰੇ ਨੂੰ ਖਤਮ ਕਰੇਗੀ।

ਇਹ ਵੀ ਪੜ੍ਹੋ : ਬੰਗਾ ਕਤਲ ਕਾਂਡ ਨੂੰ ਪੁਲਸ ਨੇ ਇਕ ਹਫ਼ਤੇ 'ਚ ਸੁਲਝਾਇਆ, ਭੈਣ ਨੇ ਹੀ 75 ਹਜ਼ਾਰ ਦੇ ਕੇ ਮਰਵਾਇਆ ਸੀ ਭਰਾ

ਉਨ੍ਹਾਂ ਕਿਹਾ ਕਿ ਇਹ ਐਂਟੀ ਗੈਂਗਸਟਰ ਟਾਸਕ ਫੋਰਸ ਬਹੁਤ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਕਿਉਂਕਿ ਇਹ ਨਾ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਅੰਦਾਜ਼ਾ ਲਗਾ ਸਕੀ ਤੇ ਨਾ ਹੀ ਇਸ ਕਤਲ ਨੂੰ ਰੋਕ ਸਕੀ। ਇਸ ਸਪੈਸ਼ਲ ਫੋਰਸ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੈਂਗਸਟਰਾਂ ਕੋਲ ਏ ਕੇ 47 ਤੇ ਏ ਐੱਨ 94 ਵਰਗੇ ਹਥਿਆਰਾਂ ਉਪਲਬਧ ਹਨ। ਬਾਜਵਾ ਨੇ ਕਿਹਾ ਕਿ ਅਜਿਹੀ ਸਪੈਸ਼ਲ ਫੋਰਸ ਤੋਂ ਕਿਸੇ ਕਾਰਵਾਈ ਦੀ ਉਮੀਦ ਕਰਨੀ ਬੇਮਾਇਆਨੇ ਹੋਵੇਗੀ ਕਿਉਂਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ 'ਤੇ ਵੀ ਕੋਈ ਇਤਰਾਜ਼ ਨਹੀਂ ਕੀਤਾ ਤੇ ਨਾ ਹੀ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਖੁੱਲ੍ਹੇਆਮ ਇਸ ਅਪਰਾਧ ਦੀ ਜ਼ਿੰਮੇਵਾਰੀ ਲੈ ਰਹੇ ਹਨ। PunjabKesari

ਬਾਜਵਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਇਕ ਕੌਮੀ ਘਾਟਾ ਹੈ, ਇਸ ਲਈ ਇਕ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਉਣ ਦੀ ਲੋੜ ਹੈ ਕਿਉਂਕਿ ਇਹ ਪੰਜਾਬ ਦੀਆਂ ਸਰਹੱਦਾਂ ਦੇ ਨਾਲ-ਨਾਲ ਦੂਜੇ ਰਾਜਾਂ ਦੇ ਅੰਦਰ ਦੋਸ਼ੀਆਂ ਦੀ ਜਾਂਚ ਦੀ ਅਗਵਾਈ ਕਰੇਗੀ ਅਤੇ ਸੰਭਵ ਤੌਰ 'ਤੇ ਬਾਹਰੀ ਖਤਰਿਆਂ ਦੀ ਜਾਂਚ ਵੀ ਕਰੇਗੀ। ਬਾਜਵਾ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੇ ਗੈਂਗਸਟਰਾਂ ਨੇ ਅਜਿਹੇ ਆਧੁਨਿਕ ਹਥਿਆਰ ਕਿੱਥੋਂ ਅਤੇ ਕਿਸ ਰਾਹੀਂ ਲਏ ਹਨ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਤੋਂ ਹੱਡੀਆਂ ਚੋਰੀ ਕਰਕੇ ਤਾਂਤਰਿਕਾਂ ਨੂੰ ਵੇਚਣ ਵਾਲਾ ਗਿਰੋਹ ਬੇਨਕਾਬ, 2 ਗ੍ਰਿਫ਼ਤਾਰ

ਬਾਜਵਾ ਨੇ ਕਿਹਾ ਕਿ ਉਕਤ ਟਾਸਕ ਫੋਰਸ 'ਤੇ ਹੋਰ ਭਰੋਸਾ ਰੱਖਣ ਦੀ ਬਜਾਏ ਹੁਣ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਜਿਹੀ ਅਹਿਮ ਜਾਂਚ ਆਧੁਨਿਕ ਸੁਵਿਧਾਵਾਂ ਤੇ ਤਰੀਕਿਆਂ ਨਾਲ ਲੈਸ ਜਾਂਚ ਏਜੰਸੀਆਂ ਦੇ ਹਵਾਲੇ ਕੀਤੀ ਜਾਵੇ। ਬਾਜਵਾ ਨੇ ਇਹ ਵੀ ਮੰਗ ਕੀਤੀ ਕਿ ਸੀਨੀਅਰ ਪੁਲਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਅਤੇ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News