ਸਿੱਧੂ ਦੀ ਮਾਈਨਿੰਗ ਸਬੰਧੀ ਰਿਪੋਰਟ ਦਬਾਉਣ ਪਿੱਛੇ ਵੱਡੀ ਸਾਜ਼ਿਸ਼ : ''ਆਪ''
Monday, Jun 18, 2018 - 07:28 AM (IST)

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਾਜਾਇਜ਼ ਮਾਈਨਿੰਗ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਬਣਾਈ ਗਈ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਨੂੰ ਦਬਾਉਣ ਪਿੱਛੇ ਮਾਈਨਿੰਗ ਮਾਫ਼ੀਆ ਦੇ ਹੱਕ 'ਚ ਵੱਡੀ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ 'ਆਪ' ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸਰਕਾਰ ਨੂੰ ਉਕਤ ਰਿਪੋਰਟ ਤੁਰੰਤ ਜਨਤਕ ਕਰਨੀ ਚਾਹੀਦੀ ਹੈ। ਚੱਢਾ ਨੇ ਕਿਹਾ ਕਿ ਸੂਬੇ 'ਚ ਪਿਛਲੇ 15 ਸਾਲਾਂ ਤੋਂ ਜ਼ਿਆਦਾ ਸਮੇਂ ਵਿਚ ਲਗਾਤਾਰ ਮਾਈਨਿੰਗ, ਗੁੰਡਾ ਟੈਕਸ ਮਾਫ਼ੀਏ ਨੇ ਜਿੱਥੇ ਇਕ ਪਾਸੇ ਵਪਾਰੀਆਂ ਤੇ ਆਮ ਲੋਕਾਂ ਦਾ ਆਰਥਿਕ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਧਰਤੀ ਮਾਤਾ ਨੂੰ ਵੀ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਪੰਜਾਬ ਨੇ ਆਪਣੀ ਹਵਾਈ ਚੈਕਿੰਗ ਤੋਂ ਬਾਅਦ ਇਸ ਮਾਮਲੇ 'ਤੇ ਜਾਂਚ ਲਈ ਕੈਬਨਿਟ ਸਬ ਕਮੇਟੀ ਬਣਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦਾ ਦਾਅਵਾ ਕੀਤਾ ਸੀ ਪਰ ਇਹ ਕਮੇਟੀ ਵੀ ਪੰਜਾਬੀਆਂ ਦੇ ਅੱਖਾਂ 'ਚ ਘੱਟਾ ਪਾਉਣ ਦੇ ਬਰਾਬਰ ਸਾਬਤ ਹੋਈ, ਕਿਉਂਕਿ ਨਾ ਤਾਂ ਹੁਣ ਤੱਕ ਇਸ ਕਮੇਟੀ ਦੇ ਸੁਝਾਵਾਂ ਦੇ ਆਧਾਰ 'ਤੇ ਕੋਈ ਨਵੀਂ ਪਾਲਿਸੀ ਬਣਾਈ ਗਈ ਹੈ ਅਤੇ ਨਾ ਹੀ ਕਿਸੇ ਮਾਫ਼ੀਆ ਨੂੰ ਸਜ਼ਾ ਦਿੱਤੀ ਗਈ ਹੈ। ਸਰਕਾਰ ਸਪੱਸ਼ਟ ਕਰੇ ਕਿ ਕੀ ਇਸ ਕਮੇਟੀ ਨੂੰ ਕਿਸੇ ਵੀ ਦੋਸ਼ੀ ਮਾਫ਼ੀਆ ਦਾ ਨਾਂ ਨਹੀਂ ਲੱਭਿਆ ਜਾਂ ਸਰਕਾਰ ਅਜਿਹੇ ਨਾਵਾਂ ਨੂੰ ਜਨਤਕ ਕਰ ਕੇ ਕਾਰਵਾਈ ਹੀ ਨਹੀਂ ਕਰਨਾ ਚਾਹੁੰਦੀ, ਨਾਲ ਹੀ ਇਹ ਵੀ ਸਪੱਸ਼ਟ ਕਰੇ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੜਤਾਲ ਤੋਂ ਬਾਅਦ ਦਿੱਤੇ ਗਏ ਸੁਝਾਵਾਂ ਨੂੰ ਕਿਉਂ ਲਾਗੂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਪੂਰਾ ਹੱਕ ਹੈ ਕਿ ਉਹ ਸੂਬੇ ਦੇ ਇਸ ਅਤਿ ਗੰਭੀਰ ਮਸਲੇ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਪਰ ਸਰਕਾਰ ਇਸ ਸਾਰੇ ਮਸਲੇ ਨੂੰ ਗੋਲ-ਮੋਲ ਕਰ ਕੇ ਦਬਾਉਣਾ ਚਾਹੁੰਦੀ ਹੈ। ਚੱਢਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਾਈਨਿੰਗ ਮਾਫ਼ੀਆ ਨੂੰ ਉਤਸ਼ਾਹਿਤ ਕਰਨ ਵਾਲੀ ਆਪਣੀ ਨੀਤੀ ਬਦਲ ਕੇ ਤੁਰੰਤ ਲੋਕ ਪੱਖੀ ਨੀਤੀ ਵੱਲ ਕਦਮ ਨਾ ਚੁੱਕੇ ਤਾਂ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।