ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਨੇ ਨਵਜੋਤ ਸਿੱਧੂ ਦਾ ਕੱਦ ਕੈਪਟਨ ਨਾਲੋਂ ਵਧਾਇਆ!

Monday, Sep 20, 2021 - 04:19 PM (IST)

ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਨੇ ਨਵਜੋਤ ਸਿੱਧੂ ਦਾ ਕੱਦ ਕੈਪਟਨ ਨਾਲੋਂ ਵਧਾਇਆ!

ਪਟਿਆਲਾ (ਰਾਜੇਸ਼) : 1998 ਤੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਰਵੇ ਕਰਵਾ ਰਹੇ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਨੂੰ ਚਾਹਿਆ ਪ੍ਰਮੋਟ ਕੀਤਾ ਅਤੇ ਜਿਸ ਨੂੰ ਚਾਹਿਆ ਉਸ ਨੂੰ ਰਾਜਨੀਤੀ ਤੋਂ ਆਊਟ ਕੀਤਾ। ਸਾਲ 2002 ’ਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ‘ਚੰਮ’ ਦੀਆਂ ਚਲਾਈਆਂ ਅਤੇ ਆਪਣੀ ਮਰਜ਼ੀ ਦੇ ਮੰਤਰੀ, ਚੇਅਰਮੈਨ ਬਣਾਏ। ਉਸ ਸਮੇਂ ਕੈਪਟਨ ਦੀ ਕੈਬਨਿਟ ’ਚ ਸ਼ਾਮਲ ਬੀਬੀ ਰਜਿੰਦਰ ਕੌਰ ਭੱਠਲ ਨੇ 32 ਵਿਧਾਇਕਾਂ ਨੂੰ ਨਾਲ ਲੈ ਕੇ ਕੈਪਟਨ ਖ਼ਿਲਾਫ਼ ਬਗਾਵਤ ਕਰ ਦਿੱਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਹ ਨਹੀਂ ਕੀਤੀ ਅਤੇ ਬੀਬੀ ਭੱਠਲ ਦੀ ਬਗਾਵਤ ਨੂੰ ਕੁਚਲ ਕੇ ਮੁੱਖ ਮੰਤਰੀ ਦੀ ਕੁਰਸੀ ਕਾਇਮ ਰੱਖੀ। 2007 ’ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੁੱਝ ਸਮੇਂ ਲਈ ਬੀਬੀ ਭੱਠਲ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਪਰ ਉਸ ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਬੀ ਭੱਠਲ ਨੂੰ ਉਤਾਰ ਕੇ ਉਹ ਫਿਰ ਕਾਂਗਰਸ ਦੇ ਮੁਖੀ ਬਣੇ ਅਤੇ ਉਨ੍ਹਾਂ ਦੀ ਅਗਵਾਈ ਹੇਠ ਹੀ 2007 ਦੀਆਂ ਚੋਣਾਂ ਲੜੀਆਂ ਗਈਆਂ। ਬੇਸ਼ੱਕ ਸਰਕਾਰ ਨਹੀਂ ਬਣੀ ਪਰ ਪੰਜਾਬ ਕਾਂਗਰਸ ’ਤੇ ਉਨ੍ਹਾਂ ਦਾ ਹੀ ਕਬਜ਼ਾ ਰਿਹਾ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖੁਦ ਕਾਂਗਰਸ ਦੀ ਕਮਾਂਡ ਸੰਭਾਲ ਲਈ। ਬੇਸ਼ੱਕ 2012 ’ਚ ਵੀ ਸਰਕਾਰ ਨਹੀਂ ਬਣੀ ਪਰ ਉਸ ਤੋਂ ਬਾਅਦ ਕੈਪਟਨ ਦਾ ਕਾਂਗਰਸ ’ਚ ਦਬਦਬਾ ਕਾਇਮ ਰਿਹਾ। 2019 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਨਜ਼ਦੀਕੀ ਅਤੇ ਭਾਜਪਾ ਦੇ ਚੋਟੀ ਦੇ ਆਗੂ ਅਰੁਨ ਜੇਟਲੀ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਅਤੇ ਲੋਕ ਸਭਾ ’ਚ ਪਾਰਟੀ ਦੇ ਡਿਪਟੀ ਲੀਡਰ ਬਣ ਗਏ।

ਇਹ ਵੀ ਪੜ੍ਹੋ : 5 ਤਾਰਾ ਹੋਟਲ ਬਣਿਆ ਰਿਹਾ ਪੰਜਾਬ ਕਾਂਗਰਸ ਦਾ ਸਿਆਸੀ ਗੜ੍ਹ

2017 ਦੀਆਂ ਚੋਣਾਂ ’ਚ ਉਹ ਮੁੱਖ ਮੰਤਰੀ ਦੇ ਉਮੀਦਵਾਰ ਬਣਾਏ ਗਏ ਅਤੇ ਸਾਢੇ 4 ਸਾਲ ਡੰਕੇ ਦੀ ਚੋਟ ਨਾਲ ਮੁੱਖ ਮੰਤਰੀਸ਼ਿਪ ਕੀਤੀ। ਇਸ ਦੌਰਾਨ ਕਿਸੇ ਮੰਤਰੀ ਜਾਂ ਹਾਈਕਮਾਂਡ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੀ ਮਰਜ਼ੀ ਨਾਲ ਮਹਾਰਾਜਾ ਸਟਾਈਲ ’ਚ ਰਾਜ ਕੀਤਾ। ਜਦੋਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨੇ ਡਾਊਨ ਕਰ ਕੇ ਉਨ੍ਹਾਂ ਦਾ ਵਿਭਾਗ ਬਦਲ ਦਿੱਤਾ ਤਾਂ ਸਿੱਧੂ ਨੇ ਨਵਾਂ ਵਿਭਾਗ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਝੰਡਾ ਚੁੱਕ ਲਿਆ। ਸਿੱਧੂ ਨੂੰ ਕੁਚਲਨ ਲਈ ਕੈਪਟਨ ਦੀ ਪੰਜਾਬ ਸਰਕਾਰ ਲਗਾਤਾਰ ਡਟੀ ਰਹੀ ਪਰ ਉਹ ਨਹੀਂ ਘਬਰਾਏ ਅਤੇ ਕ੍ਰਿਕਟ ਵਾਂਗ ਲਗਾਤਾਰ ਕੈਪਟਨ ਖਿਲਾਫ ਚੌਕੇ-ਛੱਕੇ ਮਾਰਦੇ ਰਹੇ। ਸਿੱਧੂ ਦੀ ਧੂੰਆਂਧਾਰ ਬੱਲੇਬਾਜ਼ੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਹੁੰਦੇ ਹੋਏ ਹੀ ਘਬਰਾਹਟ ’ਚ ਪਾ ਦਿੱਤਾ। ਬੌਖਲਾਹਟ ਵਿਚ ਆਏ ਅਮਰਿੰਦਰ ਸਿੰਘ ਨੇ ਸਿੱਧੂ ਖਿਲਾਫ ਤਿੱਖੀ ਬਿਆਨਬਾਜ਼ੀ ਕੀਤੀ ਅਤੇ ਸਿੱਧੂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਬਾਰੇ ਗੱਲ ਕਰਦੇ ਹੋਏ ਸਿੱਧੂ ਲਈ ‘ਦਰਵਾਜ਼ੇ ਬੰਦ’ ਕਰਨ ਦੀ ਗੱਲ ਤੱਕ ਕਹਿ ਦਿੱਤੀ ਪਰ ਇਸ ਦੇ ਬਾਵਜੂਦ ਵੀ ਸਿੱਧੂ ਨਹੀਂ ਹਟੇ ਅਤੇ ਉਨ੍ਹਾਂ ਕੈਪਟਨ ਖਿਲਾਫ ਆਪਣੀ ਬਗਾਵਤ ਜਾਰੀ ਰੱਖੀ। ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪੂਰਾ ਜ਼ੋਰ ਸਿੱਧੂ ਨੂੰ ਰੋਕਣ ਲਈ ਲਾ ਦਿੱਤਾ ਪਰ ਸਿੱਧੂ ਆਪਣੀ ਚਾਲ ਚੱਲਦੇ ਰਹੇ ਅਤੇ ਉਹ ਕੈਪਟਨ ਖਿਲਾਫ ਲਗਾਤਾਰ ਬਿਆਨਬਾਜ਼ੀ ਕਰਦੇ ਰਹੇ।

ਇਹ ਵੀ ਪੜ੍ਹੋ : ਕਿਸਾਨ ਤਿੰਨੇ ਕਾਲੇ ਬਿੱਲ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਨਗੇ : ਰਾਜੇਵਾਲ

ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਵੀ ਕੈਪਟਨ ਨੂੰ ਜ਼ਲੀਲ ਕੀਤਾ ਗਿਆ ਪਰ ਕੈਪਟਨ ਸਮੇਂ ਦੀ ਨਜ਼ਾਕਤ ਨੂੰ ਭਾਂਪ ਗਏ ਅਤੇ ਤਾਜਪੋਸ਼ੀ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਸਿੱਧੂ ਦੀ ਤਰੀਫ ਵੀ ਕੀਤੀ ਪਰ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਅਣਗੌਲਿਆਂ ਕੀਤਾ। ਇਸ ਘਟਨਾਕ੍ਰਮ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤਕ ਪੈਂਤੜਾ ਬਦਲਿਆ ਅਤੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਵੱਡੀ ਗਿਣਤੀ ’ਚ ਵਿਧਾਇਕ ਉਨ੍ਹਾਂ ਦੇ ਖੇਮੇ ’ਚ ਚਲੇ ਗਏ ਪਰ ਨਵਜੋਤ ਸਿੰਘ ਸਿੱਧੂ ਡਟੇ ਰਹੇ ਅਤੇ ਲਗਾਤਾਰ ਕੈਪਟਨ ’ਤੇ ਦਬਾਅ ਬਣਾਉਂਦੇ ਰਹੇ। ਆਖਿਰ ਨਵਜੋਤ ਸਿੰਘ ਸਿੱਧੂ ਕੈਪਟਨ ਨੂੰ ਰਾਜਨੀਤਕ ਤੌਰ ’ਤੇ ‘ਢਾਹੁਣ’ ਵਿਚ ਸਫਲ ਰਹੇ, ਜਿਸ ਕੈਪਟਨ ਅਮਰਿੰਦਰ ਸਿੰਘ ਨੇ 40-40 ਸਾਲ ਪੁਰਾਣੇ ਕਾਂਗਰਸੀਆਂ ਨੂੰ ਰਾਜਨੀਤਕ ਤੌਰ ’ਤੇ ‘ਚਿੱਤ’ ਕਰ ਦਿੱਤਾ ਸੀ, ਉਹ 2017 ’ਚ ਕਾਂਗਰਸ ਵਿਚ ਸ਼ਾਮਲ ਹੋਏ ਨਵਜੋਤ ਸਿੰਘ ਸਿੱਧੂ ਤੋਂ ਖੁਦ ‘ਚਿੱਤ’ ਹੋ ਗਏ। ਮੁੱਖ ਮੰਤਰੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਆਪਣੀ ਫਿਰ ਤੋਂ ਰਾਜਨੀਤੀ ਖੇਡਦੇ ਹੋਏ ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਪੱਖੀ ਅਤੇ ਰਾਸ਼ਟਰ ਵਿਰੋਧੀ ਕਰਾਰ ਦਿੰਦਿਆਂ ਐਲਾਨ ਕਰ ਦਿੱਤਾ ਕਿ ਜੇਕਰ ਕਾਂਗਰਸ ਹਾਈਕਮਾਂਡ ਸਿੱਧੂ ਨੂੰ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ। ਹਾਈਕਮਾਂਡ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਸੀ ਪਰ ਕੈਪਟਨ ਦੇ ਇਸ ਬਿਆਨ ਨਾਲ ਬ੍ਰੇਕਾਂ ਲੱਗ ਗਈਆਂ। ਕੈਪਟਨ ਚਾਹੁੰਦੇ ਸਨ ਕਿ ਕੋਈ ਜੱਟ ਸਿੱਖ ਹੀ ਸੀ. ਐੱਮ. ਬਣ ਜਾਵੇ ਤਾਂ ਕਿ ਜੇਕਰ 2022 ’ਚ ਕਾਂਗਰਸ ਸਰਕਾਰ ਰਿਪੀਟ ਹੋ ਜਾਂਦੀ ਹੈ ਤਾਂ ਹੁਣ ਬਣਨ ਵਾਲਾ ਮੁੱਖ ਮੰਤਰੀ ਹੀ 2022 ’ਚ ਰਿਪੀਟ ਹੋ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮੌਕੇ ਨੂੰ ਭਾਂਪਦੇ ਹੋਏ ਆਪਣਾ ਦਬਾਅ ਬਣਾਇਆ ਅਤੇ ਫਾਈਨਲ ਹੋ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਕਟਵਾ ਕੇ ਦਲਿਤ ਸੀ. ਐੱਮ. ਦੇ ਨਾਂ ’ਤੇ ਚਰਨਜੀਤ ਸਿੰਘ ਚੰਨੀ ਨੂੰ ‘ਡੰਮੀ’ ਮੁੱਖ ਮੰਤਰੀ ਬਣਵਾ ਕੇ 2022 ਦਾ ਰਸਤਾ ਸਾਫ ਕਰ ਲਿਆ। ਸਾਰੇ ਘਟਨਾਕ੍ਰਮਾਂ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੁਪਰ ਚੀਫ ਬਣ ਗਏ ਹਨ ਅਤੇ ਹੁਣ ਉਨ੍ਹਾਂ ਦਾ ਕੱਦ ਕੈਪਟਨ ਅਮਰਿੰਦਰ ਸਿੰਘ ਤੋਂ ਉੱਪਰ ਹੋ ਗਿਆ ਹੈ। ਕਾਂਗਰਸ ਹਾਈਕਮਾਂਡ ਤੋਂ ਉਹ ਜੋ ਚਾਹੁੰਦੇ ਹਨ, ਉਹ ਮਨਵਾ ਲੈਂਦੇ ਹਨ। ਕਾਂਗਰਸ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਹਾਲਤ ਵਿਚ ਗਵਾਉਣਾ ਨਹੀਂ ਚਾਹੁੰਦੀ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਿੱਧੂ ਨੂੰ ਦੇਸ਼ ਭਰ ’ਚ ਇਸਤੇਮਾਲ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਜਾਨਾਂ ਗੁਆਉਣ 150 ਕਿਸਾਨਾਂ ਦੇ ਵਾਰਿਸਾਂ ਨੂੰ ਨਿਯੁਕਤੀ ਪੱਤਰ ਨਾ ਸੌਂਪੇ ਜਾ ਸਕਣ ਦਾ ਦੁੱਖ : ਕੈਪਟਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News