ਸਿੱਧੂ-ਬਾਜਵਾ ਵਿਚਾਲੇ ਖੜਕੀ, ਸ਼ਬਦੀ ਜੰਗ ''ਚ ਭੁੱਲੀ ਮਰਿਆਦਾ

Friday, Jul 20, 2018 - 10:34 AM (IST)

ਸਿੱਧੂ-ਬਾਜਵਾ ਵਿਚਾਲੇ ਖੜਕੀ, ਸ਼ਬਦੀ ਜੰਗ ''ਚ ਭੁੱਲੀ ਮਰਿਆਦਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਹਮੋ-ਸਾਹਮਣੇ ਆ ਗਏ ਹਨ ਅਤੇ ਦੋਹਾਂ ਵਿਚਕਾਰ ਚੰਗੀ ਖੜਕੀ ਹੈ। ਇੱਥੋਂ ਤੱਕ ਕਿ ਇਕ ਮੰਤਰੀ ਤਾਂ ਸ਼ਬਦੀ ਜੰਗ ਦੌਰਾਨ ਆਪਣੀ ਮਰਿਆਦਾ ਹੀ ਭੁੱਲ ਬੈਠੇ ਹਨ। ਅਸਲ 'ਚ ਗੈਰ ਕਾਨੂੰਨੀ ਕਾਲੋਨੀਆਂ ਦੀ ਨੀਤੀ ਨੂੰ ਲੈ ਕੇ ਪਹਿਲਾਂ ਹੀ ਟਕਰਾਅ ਚੱਲ ਰਿਹਾ ਹੈ। 
ਇਸ ਦੌਰਾਨ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਆਨ ਦੇ ਦਿੱਤਾ ਕਿ ਉਹ ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਛੱਡ ਸਕਦੇ। ਬਸ ਫਿਰ ਕੀ ਸੀ, ਇਸ 'ਤੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਗੁੱਸਾ ਸੱਤਵੇਂ ਆਸਮਾਨੀਂ ਚੜ੍ਹ ਗਿਆ ਤੇ ਉਨ੍ਹਾਂ ਸਿੱਧੂ ਤੋਂ ਪੁੱਛਿਆ ਕਿ ਉਹ ਨਾਂ ਦੱਸਣ ਕਿ ਕੁੱਤਾ ਕਿਸ ਨੂੰ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਬਾਰੇ ਵੀ ਇਹ ਸ਼ਬਦ ਬੋਲ ਰਹੇ ਹਨ ਤਾਂ ਵੀ ਇਹ ਬੁਰੀ ਗੱਲ ਹੈ। 
ਉਨ੍ਹਾਂ ਕਿਹਾ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਇਕ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਇੱਥੇ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਸਿੱਧੂ ਇਕ ਮਸ਼ਹੂਰ ਕ੍ਰਿਕਟਰ ਰਹੇ ਹਨ ਅਤੇ ਸੀਨੀਅਤ ਮੰਤਰੀ ਵੀ ਹਨ। ਇਸ ਲਈ ਅਜਿਹੀ ਭਾਸ਼ਾ ਉਨ੍ਹਾਂ ਦੇ ਮੂੰਹੋਂ ਸਹੀ ਨਹੀ ਲੱਗਦੀ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਕਹਿਣਾ ਹੀ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਨਾਂ ਲੈ ਕੇ ਸਪੱਸ਼ਟ ਕਰਨਾ ਚਾਹੀਦਾ ਹੈ। 


Related News