ਪੰਜਾਬ ਵਿਚ ਦੰਗੇ ਕਰਵਾਉਣਾ ਚਾਹੁੰਦੀ ਹੈ ਕਾਂਗਰਸ : ਮਲਿਕ

Saturday, Dec 29, 2018 - 07:13 PM (IST)

ਪੰਜਾਬ ਵਿਚ ਦੰਗੇ ਕਰਵਾਉਣਾ ਚਾਹੁੰਦੀ ਹੈ ਕਾਂਗਰਸ : ਮਲਿਕ

ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਇਕ ਵਾਰ ਫਿਰ ਕਾਂਗਰਸ ਸਰਕਾਰ 'ਤੇ ਵੱਡੇ ਹਮਲੇ ਬੋਲੇ ਹਨ। ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਵਿਰੋਧੀ ਰਹੀ ਹੈ। ਮਲਿਕ ਨੇ ਕਿਹਾ ਕਿ ਜਦੋਂ-ਜਦੋਂ ਕਾਂਗਰਸ ਸੱਤਾ ਵਿਚ ਆਈ ਹੈ, ਉਦੋਂ-ਉਦੋਂ ਭਾਈਚਾਰਕ ਏਕਤਾ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਨੂੰ ਆਪਣੀ ਨਾਕਾਮੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸੇ ਦੇ ਚੱਲਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਹਨੂੰਮਾਨ ਜੀ 'ਤੇ ਟਵੀਟ ਕੀਤਾ ਗਿਆ ਹੈ, ਜਿਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿਚ ਆਈ ਉਦੋਂ ਦੰਗੇ ਹੋਏ ਹਨ, ਹੁਣ ਫਿਰ ਕਾਂਗਰਸ ਸੂਬੇ ਦਾ ਮਾਹੌਲ ਖਰਾਬ ਕਰਕੇ ਪੰਜਾਬ ਵਿਚ ਦੰਗੇ ਕਰਵਾਉਣਾ ਚਾਹੁੰਦੀ ਹੈ। 
ਇਸ ਦੇ ਨਾਲ ਮਲਿਕ ਨੇ ਕਰਤਾਰਪੁਰ ਲਾਂਘੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਲਈ ਮੋਦੀ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸ ਦੇ ਚੱਲਦੇ ਸੁਲਤਾਨਪੁਰ ਲੋਧੀ ਦੇ ਰੇਲਵੇ ਸੇਟਸ਼ਨ ਦਾ ਵੱਡੇ ਪੱਧਰ 'ਤੇ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਦਰਬਾਰ ਸਾਹਿਬ ਸਣੇ ਸਾਰੇ ਧਾਰਮਿਕ ਸਥਾਨਾਂ 'ਤੇ ਲਗਾਏ ਜਾਣ ਵਾਲੇ ਲੰਗਰਾਂ ਨੂੰ ਜੀ. ਐੱਸ. ਟੀ. ਮੁਕਤ ਕਰ ਦਿੱਤਾ ਹੈ। ਜਦਕਿ ਇਸ ਦੇ ਉਲਟ ਕਾਂਗਰਸ ਹਮੇਸ਼ਾ ਸਿੱਖ ਵਿਰੋਧ ਰਹੀ ਹੈ। 
ਮਲਿਕ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਕਿਸਾਨਾਂ ਦੇ ਕਰਜ਼ ਮੁਆਫੀ 'ਤੇ ਚੈਲੰਜ ਕਰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਕਿਸਾਨਾਂ ਦੇ ਕਰਜ਼ ਮੁਆਫ਼ ਕੀਤੇ ਹਨ ਤਾਂ ਉਹ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਤਾਂ ਕਿ ਜਨਤਾ ਨੂੰ ਸੱਚਾਈ ਦਾ ਪਤਾ ਲੱਗ ਸਕੇ। ਮਲਿਕ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸਿਹਰਾ ਮੋਦੀ ਸਿਰ ਬੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ 84 ਦੇ ਕਈ ਕੇਸ ਬੰਦ ਕਰ ਦਿੱਤੇ ਸਨ ਜਦਕਿ ਮੋਦੀ ਸਰਕਾਰ ਨੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ। 
ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ 'ਤੇ ਆਪਣਾ ਪੱਖ ਸਾਫ਼ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਦਰਅਸਲ ਭਾਜਪਾ ਵਲੋਂ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਲਾਉਣ 'ਤੇ ਕਾਂਗਰਸ ਲਗਾਤਾਰ ਪਾਰਟੀ 'ਤੇ ਹਮਲੇ ਕਰ ਰਹੀ ਸੀ, ਅਭਿਮੰਨਿਊ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਲਗਾਤਾਰ ਹਰਿਆਣਾ ਵਲੋਂ ਆਵਾਜ਼ ਚੁੱਕਦੇ ਰਹੇ ਹਨ, ਜਿਸ ਦਾ ਜਵਾਬ ਦਿੰਦੇ ਹੋਏ ਮਲਿਕ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦਾ ਹੱਕ ਹੈ।


author

Gurminder Singh

Content Editor

Related News