ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਵੀ ਹੋਈ ਬਾਗੀ

Monday, Jul 24, 2023 - 04:26 PM (IST)

ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਵੀ ਹੋਈ ਬਾਗੀ

ਮੋਹਾਲੀ (ਨਿਆਮੀਆਂ) : ਇਸਤਰੀ ਅਕਾਲੀ ਦਲ (ਦਿੱਲੀ ਸਟੇਟ) ਦੀ ਵਿਸ਼ੇਸ਼ ਮੀਟਿੰਗ ਬੀਬੀ ਰਣਜੀਤ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਦਿੱਲੀ ਇਕਾਈ ਦੀ ਕੋਰ ਕਮੇਟੀ ਦੀਆਂ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ 'ਚ ਚਰਚਾ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਸਿਰਮੌਰ ਜੱਥੇਬੰਦੀ ਹੈ, ਜਿਸ ਦਾ ਸ਼ਾਨਾਮੱਤਾ ਤੇ ਕੁਰਬਾਨੀਆਂ ਵਾਲਾ ਇਤਿਹਾਸ ਹੈ। ਇਸ ਪਾਰਟੀ ਦੇ ਆਪਣੇ ਪੰਥਕ ਸਿਧਾਂਤ ਤੇ ਪਰਪੱਕ ਵਿਚਾਰਧਾਰਾ ਹੈ, ਜਿਸ ਤੋਂ ਪਾਰਟੀ ਪਿਛਲੇ ਕੁੱਝ ਸਮੇਂ ਤੋਂ ਥਿੜਕਦੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਪਾਰਟੀ ਨੂੰ ਅੰਦਰ ਤੇ ਬਾਹਰ ਤੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨੁਕਸਾਨ ਝੱਲਣਾ ਪਿਆ ਹੈ। 

ਇਹ ਵੀ ਪੜ੍ਹੋ : SGPC ਚੋਣਾਂ ਲਈ ਸਰਗਰਮ ਹੋਏ ਸੁਖਦੇਵ ਸਿੰਘ ਢੀਂਡਸਾ, ਮੀਟਿੰਗ ਦੌਰਾਨ ਚੁੱਕਿਆ ਸੀ ਮੁੱਦਾ
ਕੁੱਝ ਦਿਨ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਗੈਰ ਅਕਾਲੀ, ਗੈਰ ਪੰਥਕ, ਆਂਗਣਵਾੜੀ ਵਰਕਰ ਦੀ ਬਤੌਰ ਪ੍ਰਧਾਨ ਨਿਯੁਕਤੀ ਕਰਕੇ, ਪਾਰਟੀ ਦੇ ਮੂਲ ਸਿਧਾਂਤਾਂ ਨੂੰ ਤਿਲਾਂਜਲੀ ਦਿੱਤੀ ਗਈ ਹੈ। ਇਸ ਫ਼ੈਸਲੇ ਦੌਰਾਨ ਪਾਰਟੀ ਦੀਆਂ ਟਕਸਾਲੀ ਬੀਬੀਆਂ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ, ਉਨ੍ਹਾਂ ਨੂੰ ਭਰੋਸੇ 'ਚ ਲੈਣਾ ਜ਼ਰੂਰੀ ਨਹੀਂ ਸਮਝਿਆ ਗਿਆ। ਇਹ ਬੀਬੀਆਂ ਹਨ, ਜਿਹੜੀਆਂ ਦਹਾਕਿਆਂ ਤੋਂ ਪਾਰਟੀ ਦੇ ਔਖੇ-ਸੌਖੇ ਵੇਲੇ ਪਾਰਟੀ ਨਾਲ ਖੜ੍ਹਦੀਆਂ ਰਹੀਆਂ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਰਹੀਆਂ ਹਨ। ਇਸ ਲਈ ਇਸਤਰੀ ਅਕਾਲੀ ਦਲ ਵੱਲੋਂ ਦਿੱਲੀ ਸਟੇਟ, ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟ ਕਰਦੇ ਹੋਏ, ਇਸ ਫ਼ੈਸਲੇ 'ਤੇ ਪੁਨਰ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : 'ਮੰਮੀ-ਪਾਪਾ ਉਹਦੇ Gift ਵਾਪਸ ਕਰ ਦਿਓ, ਮੇਰੇ ਅੰਤਿਮ ਸੰਸਕਾਰ ਤੇ ਉਹ ਜ਼ਰੂਰ ਆਵੇ ਪਰ...

ਇਸ ਵੱਕਾਰੀ ਅਹੁਦੇ ਤੇ ਪੰਥਕ ਵਿਚਾਰਾਂ ਨੂੰ ਪ੍ਰਣਾਈ, ਟਕਸਾਲੀ ਬੀਬੀ ਨੂੰ ਥਾਪਿਆ ਜਾਵੇ। ਨਾਲ ਹੀ ਆਖਿਆ ਕਿ ਪੰਜਾਬ ਦੀਆਂ ਟਕਸਾਲੀ ਅਕਾਲੀ ਬੀਬੀਆਂ ਵੱਲੋਂ ਇਸ ਸਬੰਧੀ ਵਿੱਢੇ ਸੰਘਰਸ਼ ਦਾ ਸਮਰਥਨ ਕਰਦੀਆਂ ਹਨ। ਇਸ ਮੀਟਿੰਗ ਵਿੱਚ ਪੰਜਾਬ ਤੋਂ ਸੀਨੀਅਰ ਅਕਾਲੀ ਬੀਬੀਆਂ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਪਰਮਜੀਤ ਕੌਰ ਲਾਂਡਰਾਂ, ਸਤਵੰਤ ਕੌਰ ਜੌਹਲ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਗੁਰਮੀਤ ਕੌਰ ਬਰਾੜ, ਮਨਦੀਪ ਕੌਰ ਸੰਧੂ, ਰਾਣੀ ਧਾਲੀਵਾਲ, ਅਵਨੀਤ ਕੌਰ ਖਾਲਸਾ ਨੇ ਵਿਸ਼ੇਸ਼ ਤੌਰ ਤੇ ਸ਼ਿਰੱਕਤ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News