ਅਯੁੱਧਿਆ ਨਗਰੀ ਬਣਿਆ ਜਲੰਧਰ, ਸ਼੍ਰੀ ਰਾਮਨੌਮੀ ਮੌਕੇ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ
Sunday, Apr 10, 2022 - 06:43 PM (IST)
ਜਲੰਧਰ (ਵੈੱਬ ਡੈਸਕ, ਦੀਪਕ, ਸ਼ਾਸਤਰੀ)— ਸ਼੍ਰੀ ਰਾਮਨੌਮੀ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ’ਚ ਜਲੰਧਰ ਵਿਖੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਂਕ ਤੋਂ ਆਰੰਭ ਹੋਈ ਅਤੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਹਿੰਦ ਸਮਾਚਾਰ ਗਰਾਊਂਡ ਵਿਚ ਸਮਾਪਤ ਹੋਈ। ਇਥੇ ਦੱਸ ਦੇਈਏ ਕਿ ਪੁਰਾਣੀ ਪਰੰਪਰਾ ਦੇ ਮੁਤਾਬਕ ਗੁੜ ਮੰਡੀ ਨੌਹਰੀਆਂ ਮੰਦਿਰ ’ਚ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਰੱਖਿਆ ਗਿਆ ਸੀ, ਜਿਸ ਦੀ ਪੂਰਨ ਆਹੂਤੀ ਅੱਜ ਕੀਤੀ ਗਈ। ਪੂਰਾ ਜਲੰਧਰ ਸ਼ਹਿਰ ਅਯੁੱਧਿਆ ਨਗਰੀ ਵਾਂਗ ਅੱਜ ਸ਼੍ਰੀ ਰਾਮ ਜੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਇਸ ਮੌਕੇ ਭਗਤ ਜੈ ਸ਼੍ਰੀਰਾਮ ਜੀ ਦੇ ਜੈਕਾਰੇ ਲਗਾਉਂਦੇ ਹੋਏ ਪ੍ਰਭੂ ਰਾਮ ਦੀ ਮਹਿਮਾ ਦਾ ਗੁਣਗਾਣ ਕਰਦੇ ਰਹੇ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਭਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ।
ਕੰਪਨੀ ਬਾਗ ਚੌਂਕ ’ਚ ਕੀਤੀ ਗਈ ਰੰਗੋਲੀ ਬਣੀ ਆਕਰਸ਼ਣ ਦਾ ਕੇਂਦਰ
ਸ਼੍ਰੀ ਰਾਮਨੌਮੀ ਮੌਕੇ ਕੰਪਨੀ ਬਾਗ ਚੌਂਕ ’ਚ ਬਣਾਈ ਗਈ ਵਿਸ਼ੇਸ਼ ਰੰਗੋਲੀ ਆਕਰਸ਼ਣ ਦਾ ਕੇਂਦਰ ਰਹੀ। ਆਉਂਦੇ-ਜਾਂਦੇ ਲੋਕ ਤਸਵੀਰਾਂ ਖਿੱਚਵਾਉਂਦੇ ਨਜ਼ਰ ਆਏ। ਸ਼ੋਭਾ ਯਾਤਰਾ ਦੌਰਾਨ ਆਕਰਸ਼ਕ ਝਾਕੀਆਂ, ਬੈਂਡ ਵਾਜਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਸਨ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਰਧਾਲੂਆਂ ਵੱਲੋਂ ਵਿਸੇਸ਼ ਜਲਪਾਨ ਦਾ ਪ੍ਰਬੰਧ ਕੀਤਾ ਗਿਆ।
ਇਨਸਾਨ ਦੇ ਮਨ ’ਚ ਧਰਮ, ਸੱਭਿਆਚਾਰ, ਸਮਾਜ, ਦੇਸ਼ ਅਤੇ ਰਾਸ਼ਟਰ ਪ੍ਰਤੀ ਸਦਭਾਵ ਸਿਰਫ ਪ੍ਰਭੂ ਕ੍ਰਿਪਾ ਨਾਲ ਹੀ ਆਉਂਦਾ ਹੈ। ਉਕਤ ਭਾਵਨਾ ਨੂੰ ਸਾਕਾਰ ਕਰਵਾਉਣ ’ਚ ਪਰਮਾਤਮਾ ਆਪਣੇ ਪਿਆਰੇ ਭਗਤਾਂ ਨੂੰ ਪ੍ਰੇਰਿਤ ਕਰਕੇ ਉਕਤ ਮੁਹਿੰਮ ਨੂੰ ਅੱਗੇ ਵਧਾਉਣ ’ਚ ਸਹਾਇਕ ਹੁੰਦਾ ਹੈ। ਇਸ ਦਾ ਸਬੂਤ ਅੱਜ ਪ੍ਰਤੱਖ ਰੂਪ ਵਿਚ ਵੇਖਿਆ ਜਾ ਸਕਦਾ ਹੈ। ਅੱਜ ਸਾਰੇ ਧਰਮਾਂ ਦੇ ਲੋਕ ਸਾਰੇ ਪੁਰਬ-ਤਿਉਹਾਰ ਭੇਦਭਾਵ ਤੋਂ ਬਿਨਾਂ ਮਿਲ-ਜੁਲ ਕੇ ਮਨਾ ਰਹੇ ਹਨ, ਧਰਮ ਦੇ ਨਾਲ ਲੋਕਾਂ ’ਚ ਸਮਾਜ ਪ੍ਰਤੀ ਵਧੀਆ ਜ਼ਿੰਮੇਵਾਰੀ ਨਿਭਾਉਣ ਦਾ ਜਜ਼ਬਾ ਵੇਖਿਆ ਜਾ ਰਿਹਾ ਹੈ, ਜਿਸ ਤਹਿਤ ਸਮਰੱਥ ਲੋਕਾਂ ਵੱਲੋਂ ਸਮੇਂ-ਸਮੇਂ ’ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਇਹੀ ਭਾਵਨਾ ਘਰ-ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ’ਚ ਵਿਸ਼ੇਸ਼ ਮਹੱਤਵਪੂਰਨ ਹੁੰਦੀ ਹੈ। ਉਕਤ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਖੇਤਰ ਨਾਲ ਜੋੜ ਕੇ ਉਸ ’ਚ ਭਾਰਤੀ ਧਰਮ-ਸੱਭਿਆਚਾਰ ਨੂੰ ਮਜ਼ਬੂਤ ਕਰਦੇ ਹੋਏ ਪੱਛਮੀ ਸੱਭਿਅਤਾ ਦੇ ਮਾੜੇ ਪ੍ਰਭਾਵ ਤੋਂ ਬਚਣ ਦੀ ਸ਼ਕਤੀ ਦਿੱਤੀ ਹੈ।
ਅੱਜ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਅਗਵਾਈ ਵਿਚ ਸਜਾਈ ਗਈ ਵਿਸ਼ਾਲ ਅਤੇ ਸ਼ਾਨਦਾਰ ਸ਼ੋਭਾ ਯਾਤਰਾ ’ਚ ਸਿਰਫ਼ ਸ਼ਹਿਰ ਤੋਂ ਹੀ ਨਹੀਂ ਸਗੋਂ ਨੇੜਲੇ ਕਸਬਿਆਂ ਤੋਂ ਵੀ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਆਸਥਾਪੂਰਵਕ ਇਕ ਤੋਂ ਵਧ ਕੇ ਇਕ ਸੁੰਦਰ ਝਾਕੀਆਂ ਸ਼ਾਮਲ ਕਰਕੇ ਉਕਤ ਪ੍ਰਬੰਧਕ ਕਮੇਟੀ ਦਾ ਹੀ ਨਹੀਂ, ਸਗੋਂ ਪੂਰੇ ਧਾਰਮਿਕ ਖੇਤਰ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ: ਟਾਂਡਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ
ਇਸ ਮੌਕੇ ’ਤੇ ਕਿਤੇ ਪੈਦਲ ਸ਼੍ਰੀ ਰਾਮ ਲੀਲਾਵਾਂ ਤੋਂ ਓਤ-ਪ੍ਰੋਤ ਭਜਨ ਗਾਇਨ ਅਤੇ ਨ੍ਰਿਤ ਕਰਦੇ ਹੋਏ ਸਵਰੂਪ ਕਲਾਕਾਰ, ਕਿਤੇ ਸ਼੍ਰੀ ਕ੍ਰਿਸ਼ਨ ਲੀਲਾਵਾਂ ਤੋਂ ਓਤ-ਪ੍ਰੋਤ ਨ੍ਰਿਤ ਕਰਦੇ ਹੋਏ ਕਲਾਕਾਰ ਤਾਂ ਕਿਤੇ ਹਾਥੀ-ਘੋੜਿਆਂ ’ਤੇ ਸਵਾਰ ਸਵਰੂਪ, ਰੱਥਾਂ ’ਤੇ ਵੱਖ-ਵੱਖ ਧਾਰਮਿਕ ਸਵਰੂਪ, ਕਈ ਪੈਦਲ ਮੁਖੌਟਾਧਾਰੀ ਸਿੰਧੂਰੀ ਹਨੂਮਾਨ ਸਵਰੂਪ, ਕਿਤੇ ਭਗਵਾਨ ਭੋਲੇ ਬਾਬਾ ਜੀ ਦੀ ਬਾਰਾਤ ’ਚ ਭੂਤ-ਪਿਸ਼ਾਚ ਸਵਰੂਪ, ਸ਼ਿਵ-ਪਾਰਵਤੀ ਨ੍ਰਿਤ ਕਰਦੇ ਹੋਏ ਸਵਰੂਪ, ਬੈਲ ’ਤੇ ਬਿਰਾਜਮਾਨ ਭੋਲੇ ਬਾਬਾ, ਮੋਰ ਪੰਖਧਾਰੀ ਨ੍ਰਿਤ ਕਰਦੇ ਹੋਏ ਸਵਰੂਪ, ਕਈ ਬੈਂਡ ਪਾਰਟੀਆਂ, ਢੋਲ-ਤਾਸ਼ਾ ਪਾਰਟੀਆਂ ਦੇ ਨਾਲ ਕਈ ਪੈਦਲ ਚੱਲਦੇ ਹੋਏ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਸ਼ੋਭਾ ਯਾਤਰਾ ’ਚ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਥਾਂ-ਥਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ, ਧਾਰਮਿਕ ਅਤੇ ਸਵਾਗਤੀ ਮੰਚ ਲਾ ਕੇ ਵੱਖ-ਵੱਖ ਸੰਗਠਨਾਂ ਵੱਲੋਂ ਸ਼ੋਭਾ ਯਾਤਰਾ ’ਚ ਸ਼ਾਮਲ ਹੋਣ ਵਾਲੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਦਾ ਸਵਾਗਤ-ਸਨਮਾਨ ਕਰਦੇ ਹੋਏ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਟਲਿਆ ਵੱਡਾ ਹਾਦਸਾ, ਰੇਲਵੇ ਸਟੇਸ਼ਨ 'ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ’ਚ ਲੱਗੀ ਅੱਗ
ਇਸ ਮੌਕੇ ਗੁਰੂ ਰਾਮਦਾਸ ਸੇਵਾ ਦਲ ਮਾਡਲ ਹਾਊਸ, ਗੀਤਾ ਮਹਾਸਭਾ ਪੰਜਪੀਰ, ਕੈਲਾਸ਼ ਧਾਮ ਬਾਬਾ ਬਾਲਕ ਨਾਥ ਮੰਦਿਰ ਬਸਤੀ ਸ਼ੇਖ, ਸੁਸ਼ੀਲ ਪਾਠਕ ਦੀ ਰਾਮ ਨਾਮ ਨਾਲ ਸਜੀ ਕਾਰ, ਸ਼ਿਵ ਧਾਮ ਆਸ਼ਰਮ ਨਿਊ ਲਾਭ ਸਿੰਘ ਨਗਰ, ਗੌਰੀ ਸ਼ੰਕਰ ਮੰਦਿਰ ਕਾਲੀਆ ਕਾਲੋਨੀ, ਗੁਰੂ ਰਵਿਦਾਸ ਮੰਦਿਰ ਬੂਟਾ ਪਿੰਡ, ਏਂਪਲ ਪਬਲਿਕ ਸਕੂਲ ਬਸਤੀ ਪੀਰਦਾਦ, ਸ਼ਿਵ ਮੰਦਿਰ ਕਾਜ਼ੀ ਮੰਡੀ, ਲਕਸ਼ਮੀ ਨਾਰਾਇਣ ਮੰਦਿਰ ਪਿੰਡੋਰੀ ਧਾਮ ਹੁਸ਼ਿਆਰਪੁਰ, ਸ਼੍ਰੀ ਦੁਰਗਾ ਨੌਜਵਾਨ ਸਭਾ ਸੋਢਲ ਰੋਡ, ਛਠ ਪੂਜਾ ਕਮੇਟੀ, ਨੀਲਕੰਠ ਮੰਦਿਰ, ਜਗਦੰਬੇ ਨੌਜਵਾਨ ਸਭਾ ਸੋਢਲ ਰੋਡ, ਹਨੂਮਾਨ ਮੰਦਿਰ ਨਿਊ ਸ਼ਾਸਤਰੀ ਨਗਰ, ਜੈ ਵੈਸ਼ਨੋ ਜਾਗਰਣ ਸਭਾ ਭਾਰਗੋ ਕੈਂਪ, ਸ਼ਿਵ ਮੰਦਿਰ ਤੇਜਮੋਹਨ ਨਗਰ, ਮਾਤਾ ਚੰਪਾ ਦੇਵੀ ਮੰਦਿਰ ਗਾਂਧੀ ਕੈਂਪ, ਮਾਤਾ ਲੀਲਾ ਦੇਵੀ ਮੰਦਿਰ ਮਖਦੂਮਪੁਰਾ, ਦਿਨੇਸ਼, ਸੋਨੂੰ ਬਜਾਜ ਲੁਧਿਆਣਾ, ਸ਼ਿਵ ਸੈਨਾ (ਸਮਾਜਵਾਦੀ) ਤੋਂ ਨਰਿੰਦਰ ਥਾਪਰ, ਮਾਂ ਵੈਸ਼ਨੋ ਧਾਮ ਕਾਂਤਾ ਬਾਬਾ, ਮਹਿੰਦੀਪੁਰ ਬਾਲਾ ਜੀ ਸੇਵਾ ਸਮਿਤੀ, ਸ਼੍ਰੀ ਰਾਮ ਭਗਤ ਹਨੂਮਾਨ ਸੇਵਾ ਦਲ, ਸ਼੍ਰੀ ਦੁਰਗਾ ਮੰਦਿਰ ਅਵਤਾਰ ਨਗਰ, ਸ਼ੁਭਮ ਟਰੇਨਿੰਗ ਸੈਂਟਰ ਬਸਤੀ ਸ਼ੇਖ, ਇੰਦੂ ਦੇਵੀ ਨਵਦੁਰਗਾ ਮੰਦਿਰ, ਮਹਾਵੀਰ ਕਲੱਬ ਬਸਤੀ ਸ਼ੇਖ, ਭਗਵਾਨ ਮੰਦਿਰ ਬਸਤੀ ਸ਼ੇਖ, ਸ਼੍ਰੀ ਵੈਸ਼ਨੋ ਦੇਵੀ ਮੰਦਿਰ ਦੁਰਗਾ ਵਿਹਾਰ, ਸਨਾਤਨ ਧਰਮ ਮਹਾਵੀਰ ਦਲ, ਕਿਲਾ ਨਵਯੁਵਕ ਸਭਾ ਕਿਲਾ ਮੁਹੱਲਾ, ਕਸ਼ਯਪ ਨੌਜਵਾਨ ਧਾਰਮਿਕ ਸਭਾ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਸੰਸਥਾਵਾਂ ਨੇ ਸੈਂਕੜੇ ਸੁੰਦਰ ਝਾਕੀਆਂ ਸ਼ੋਭਾ ਯਾਤਰਾ ’ਚ ਸ਼ਾਮਲ ਕਰ ਕੇ ਪੂਰੇ ਸ਼ਹਿਰ ਨੂੰ ਅਯੁੱਧਿਆ ਨਗਰੀ ਬਣਾ ਦਿੱਤਾ। ਭਾਰੀ ਗਿਣਤੀ ’ਚ ਲੋਕਾਂ ਨੇ ਸ਼ੋਭਾ ਯਾਤਰਾ ਰਸਤੇ ’ਤੇ ਪੂਰਾ ਦਿਨ ਪ੍ਰਭੂ ਸ਼੍ਰੀ ਰਾਮ ਜੀ ਦੀਆਂ ਚਰਿੱਤਰ ਲੀਲਾਵਾਂ ਦੇ ਦਰਸ਼ਨ ਕਰ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮੰਚ ਅਤੇ ਝਾਕੀਆਂ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਵਿਚ ਝਾਕੀਆਂ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਝਾਕੀਆਂ ਦੀ ਉਚਾਈ ਦਾ ਧਿਆਨ ਰੱਖਣ ਤਾਂ ਕਿ ਸ਼ੋਭਾ ਯਾਤਰਾ ਮਾਰਗ ’ਤੇ ਸੁੰਦਰਤਾ ਲਈ ਲਾਏ ਜਾਲ ਦਾ ਨੁਕਸਾਨ ਨਾ ਹੋਵੇ ਅਤੇ ਅਜਿਹੀ ਕੋਈ ਝਾਕੀ ਨਾ ਸਜਾਈ ਜਾਵੇ, ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇ। ਕਮੇਟੀ ਨੇ ਕਿਹਾ ਕਿ ਸ਼ੋਭਾ ਯਾਤਰਾ ਦੌਰਾਨ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਹੈ। ਨਸ਼ਾ ਕਰਕੇ ਕੋਈ ਵੀ ਵਿਅਕਤੀ ਸ਼ੋਭਾ ਯਾਤਰਾ ਵਿਚ ਨਾ ਚੱਲੇ। ਸਵਾਗਤੀ ਮੰਚ ਸਜਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਆਪਣੇ-ਆਪਣੇ ਮੰਚ ਸੜਕ ’ਤੇ ਰਸਤਾ ਛੱਡ ਕੇ ਬਣਾਉਣ ਤਾਂ ਕਿ ਸ਼ੋਭਾ ਯਾਤਰਾ ਦੇ ਸੁਚਾਰੂ ਸੰਚਾਲਨ ਵਿਚ ਕੋਈ ਸਮੱਸਿਆ ਪੈਦਾ ਨਾ ਹੋਵੇ। ਲੰਗਰ ਲਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਸੀ ਕਿ ਲੰਗਰ ਸਟਾਲ ਦੇ ਨਾਲ ਇਕ ਡਸਟਬਿਨ ਜ਼ਰੂਰ ਰੱਖਿਆ ਜਾਵੇ ਤਾਂ ਕਿ ਜਿਹੜਾ ਵੀ ਕਚਰਾ ਹੋਵੇ, ਉਹ ਉਸ ਵਿਚ ਸੁੱਟਿਆ ਜਾ ਸਕੇ ਅਤੇ ਸ਼ਹਿਰ ਸਾਫ਼-ਸੁਥਰਾ ਰਹੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ