ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 91 ਸ਼ਰਧਾਲੂ ਗੁ. ਦੂਖਨਿਵਾਰਨ ਸਾਹਿਬ ਵਿਖੇ ‘ਏਕਾਂਤਵਾਸ’
Thursday, Apr 30, 2020 - 05:57 PM (IST)
ਪਟਿਆਲਾ/ਸਨੌਰ/ਰੱਖੜਾ (ਜਗ ਬਾਣੀ ਟੀਮ): ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣ ਵਾਲੀ ਸੰਗਤ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਣਾਏ ਗਏ ‘ਇਕਾਂਤਵਾਸ‘ ‘ਚ ਡੀਕਲ ਟੀਮਾਂ ਵੱਲੋਂ ਸੈਂਪਲ ਲੈ ਲਏ ਗਏ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਪੁੱਜੇ 91 ਸ਼ਰਧਾਲੂਆਂ ਨੂੰ ‘ਏਕਾਂਤਵਾਸ’ ’ਚ ਰੱਖਿਆ ਗਿਆ ਹੈ ।ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤਾਂ ਨੂੰ ਲੰਗਰ ਅਤੇ ਰਿਹਾਇਸ਼ੀ ਪ੍ਰਬੰਧ ਲਈ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੈਨੇਜਰ ਕਰਨੈਲ ਸਿੰਘ ਨਾਭਾ ਨੇ ਦੱਸਿਆ ਕਿ ਦੇਰ ਰਾਤ 7 ਪੀ. ਆਰ. ਟੀ. ਸੀ. ਬੱਸਾਂ ਰਾਹੀਂ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਪੁੱਜੀਆਂ ਹਨ, ਜਿਨ੍ਹਾਂ ਨੂੰ ਇਹਤਿਆਤ ਵਜੋਂ ‘ਇਕਾਂਤਵਾਸ‘ ਵਿਖੇ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ 72 ਸ਼ਰਧਾਲੂ, 18 ਡਰਾਇਵਰ-ਕੰਡਕਟਰ ਅਤੇ ਇਕ ਪੀ. ਆਰ. ਟੀ. ਸੀ. ਦਾ ਇੰਸਪੈਕਟਰ ਵੀ ਇਨ੍ਹਾਂ ਵਿਚ ਸ਼ਾਮਲ ਦੱਸਿਆ ਜਾ ਰਿਹਾ ਹੈ। ਸਵੇਰ ਤੋਂ ਸ਼ਰਧਾਲੂਆਂ ਦੀ ਡਾਕਟਰੀ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਸੀ, ਜਿਨ੍ਹਾਂ ਦੇ ਸੈਂਪਲ ਲਏ ਗਏ ਹਨ। ‘ਇਕਾਂਤਵਾਸ‘ ਕੀਤੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਪੀ. ਪੀ. ਈ. ਕਿੱਟਾਂ ਪਾ ਕੇ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਅਮਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਸਟਾਫ ਹਾਜ਼ਰ ਸੀ।
‘ਏਕਾਂਤਵਾਸ‘ ਸੰਗਤਾਂ ਨੂੰ ਨਹੀਂ ਆਉਣ ਦੇਵਾਂਗੇ ਕੋਈ ਮੁਸ਼ਕਲ : ਲੌਂਗੋਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਣ ਵਾਲੀਆਂ ਸੰਗਤਾਂ ਨੂੰ ‘ਇਕਾਂਤਵਾਸ‘ ‘ਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਦੇਖ-ਰੇਖ ਕਰਨ ਵਾਲੇ ਪ੍ਰਸ਼ਾਸਨਿਕ ਅਤੇ ਡਾਕਟਰੀ ਅਮਲੇ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਗੁਰੂ ਘਰ ਦੀਆਂ ਸਰਾਵਾਂ ਨੂੰ ‘ਇਕਾਂਤਵਾਸ‘ ਵਜੋਂ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸੰਗਤਾਂ ਦੀ ਸੇਵਾ-ਸੰਭਾਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਸ਼ਰਧਾਲੂਆਂ ਦੇ ‘ਕੋਰੋਨਾ ਪਾਜ਼ੀਟਿਵ‘ ਆਉਣ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਆਪਣਿਆਂ ਨੂੰ ਬੇਗਾਨਗੀ ਦਾ ਅਹਿਸਾਸ ਨਾ ਕਰਵਾਇਆ ਜਾਵੇ।