ਮੰਤਰੀ ਮੰਡਲ ਵਲੋਂ ''ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ'' ਦੀ ਸਥਾਪਨਾ ਨੂੰ ਪ੍ਰਵਾਨਗੀ

Friday, Oct 25, 2019 - 09:46 AM (IST)

ਮੰਤਰੀ ਮੰਡਲ ਵਲੋਂ ''ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ'' ਦੀ ਸਥਾਪਨਾ ਨੂੰ ਪ੍ਰਵਾਨਗੀ

ਚੰਡੀਗੜ੍ਹ/ਪਟਿਆਲਾ (ਅਸ਼ਵਨੀ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਰੂਪ 'ਚ ਮਨਾਉਣ ਲਈ ਹੋ ਰਹੇ ਉਪਰਾਲਿਆਂ ਦੇ ਤਹਿਤ ਅੱਜ ਪੰਜਾਬ ਮੰਤਰੀ ਮੰਡਲ ਨੇ ਪਟਿਆਲਾ ਵਿਖੇ 'ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਐਕਟ, 2019 ਨੂੰ ਪਾਸ ਕਰਨ ਲਈ ਬਿੱਲ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਵਲੋਂ Îਮੌਜੂਦਾ ਦੌਰ 'ਚ ਵਿਦਿਆਰਥੀਆਂ ਵਲੋਂ ਪੱਤਰ ਵਿਹਾਰ ਵਿਧੀ ਰਾਹੀਂ ਆਨ-ਲਾਈਨ ਕੋਰਸਾਂ ਵੱਲ ਵਧ ਰਹੀ ਤਵੱਜੋਂ ਅਤੇ ਵਿਸ਼ਵ ਪੱਧਰ 'ਤੇ ਸਿੱਖਿਆ ਦੇ ਖੇਤਰ 'ਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਯੂਨੀਵਰਸਿਟੀ ਨੂੰ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਬੁਲਾਰੇ ਅਨੁਸਾਰ ਇਸ ਯੂਨੀਵਰਸਿਟੀ ਦੀ ਸਥਾਪਤੀ ਦਾ ਮੁੱਖ ਉਦੇਸ਼ ਉਨ੍ਹਾਂ ਵਿਦਿਆਰਥੀਆਂ ਲਈ ਵਿਦਿਅਕ ਮੌਕੇ ਉਪਲਬਧ ਕਰਵਾਉਣਾ ਹੈ, ਜਿਨ੍ਹਾਂ ਪਾਸ ਵਿਦਿਅਕ ਸੰਸਥਾਨਾਂ 'ਚ ਰੈਗੂਲਰ ਪੜ੍ਹਾਈ ਦੇ ਮੌਕੇ ਨਾ ਮਾਤਰ ਜਾਂ ਬਹੁਤ ਥੋੜ੍ਹੇ ਹਨ। ਸਭਨਾਂ ਲਈ ਵਿਦਿਆ ਦੇ ਢੁਕਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਸਥਾਪਤ ਹੋਣ ਵਾਲੀ ਇਸ ਯੂਨੀਵਰਸਿਟੀ ਜ਼ਰੀਏ ਕਿਸੇ ਵੀ ਤਰ੍ਹਾਂ ਦੇ ਰੋਜ਼ਗਾਰ ਵਾਲੇ ਵਿਅਕਤੀਆਂ, ਘਰੇਲੂ ਸੁਆਣੀਆਂ, ਬਾਲਗਾਂ ਅਤੇ ਪ੍ਰਵਾਸੀ ਭਾਰਤੀਆਂ ਲਈ ਉਚ ਪਾਏ ਦੀ ਵਿਦਿਆ ਹਾਸਲ ਕਰਨ ਜਾਂ ਆਪਣੇ ਵਿਦਿਅਕ ਪੱਧਰ ਨੂੰ ਹੋਰ ਉਚਾ ਕਰਨ ਦੇ ਮੌਕੇ ਪੱਤਰ ਵਿਹਾਰ ਵਿਧੀ ਜ਼ਰੀਏ ਉਪਲਬਧ ਹੋ ਸਕਣਗੇ।


author

Shyna

Content Editor

Related News