ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥਾ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ

08/30/2019 3:08:30 PM

ਜਲੰਧਰ - ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈ: ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ, ਤੀਜੇ ਸ੍ਰੀ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦੇ ਦੋ ਵੱਡੇ ਭਰਾ ਪ੍ਰਿਥੀ ਚੰਦ ਤੇ ਮਹਾਦੇਵ ਸਨ। 1574 ਈ: ’ਚ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਗੁਰੂ ਰਾਮ ਦਾਸ ਜੀ ਨੂੰ ਸਿੱਖਾਂ ਦੇ ਚੌਥੇ ਗੁਰੂ ਥਾਪਿਆ ਸੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਰਾਮ ਦਾਸ ਜੀ ਆਪਣੇ ਪੁੱਤਰਾਂ ਸਮੇਤ ਗੁਰੂ ਕਾ ਚੱਕ (ਅੰਮ੍ਰਿਤਸਰ) ਵਿਖੇ ਆ ਗਏ। ਉਥੇ ਜਾ ਕੇ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਸ਼ੁਰੂ ਕੀਤੀ ਗਈ ਸੰਤੋਖਸਰ ਸਰੋਵਰ ਦੀ ਸੇਵਾ ਆਰੰਭ ਕੀਤੀ। ਉਸ ਤੋਂ ਬਾਅਦ ਸੰਨ 1577 ਈ:’ਚ ਗੁਰੂ ਰਾਮਦਾਸ ਜੀ ਨੇ ਦੁਖਭੰਜਨੀ ਬੇਰੀ ਵਾਲੀ ਥਾਂ ਸਰੋਵਰ ਦੀ ਖੁਦਾਈ ਆਰੰਭ ਕਰਵਾਈ ਅਤੇ ਅੰਮ੍ਰਿਤਸਰ ਨਗਰ ਦੀ ਸਥਾਪਨਾ ਕੀਤੀ।

ਬਚਪਨ
ਗੁਰੂ ਜੀ ਨੇ ਆਪਣੇ ਬਚਪਨ ਦੇ ਸਾਢ਼ੇ ਗਿਆਰਾਂ ਸਾਲ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦ ’ਚ ਖੇਡਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਤੀਤ ਕੀਤੇ। ਵਡੇਰੀ ਸੋਚ, ਸੇਵਾ, ਸਿਮਰਨ ਤੇ ਬਾਣੀ ਨਾਲ ਅਸੀਮ ਪਿਆਰ ਦੇਖ ਕੇ ਉਨ੍ਹਾਂ ਦੇ ਨਾਨਾ ਜੀ ਉਨ੍ਹਾਂ ਨੂੰ ਹਮੇਸ਼ਾ ਵੱਡਾ ਪੁਰਖ, ਦੋਹਿਤਾ ਬਾਣੀ ਦਾ ਬੋਹਿਥਾ ਕਿਹਾ ਕਰਦੇ ਸੀ। ਬਚਪਨ ’ਚ ਹੀ ਗੁਰੂ ਅਰਜਨ ਦੇਵ ਜੀ ਨੂੰ ਗੁਰਮੁਖੀ, ਦੇਵਨਾਗਰੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਹੋ ਗਿਆ। ਗੁਰੂ ਅਰਜਨ ਦੇਵ ਜੀ ਨੂੰ ਨਾਨਾ ਗੁਰੂ ਅਤੇ ਪਿਤਾ ਗੂਰੂ ਜੀ ਨੇ ਪੰਜਾਬੀ ਸਿਖਾਈ ਸੀ। ਉਨ੍ਹਾਂ ਨੇ ਰਾਗ ਵਿੱਦਿਆ, ਸ਼ਸਤਰ ਵਿੱਦਿਆ, ਨੇਜਾਬਾਜ਼ੀ ਤੇ ਘੋੜ ਸਵਾਰੀ ’ਚ ਵੀ ਨਿਪੁੰਨਤਾ ਹਾਸਲ ਕੀਤੀ। ਉਹ ਸਿਰੰਦਾ ਬਹੁਤ ਹੀ ਸੁੰਦਰ ਵਜਾਉਂਦੇ ਸੀ। ਰਾਗ ਵਿੱਦਿਆ ਵਿੱਚ ਗੁਰੂ ਜੀ ਕਿਤਨੇ ਮਾਹਿਰ ਸਨ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵਰਤੇ ਰਾਗਾਂ ਦੇ ਵਖ-ਵੱਖ ਭੇਦਾਂ ਤੋਂ ਜਾਣਿਆ ਜਾ ਸਕਦਾ ਹੈ।  ਛੋਟੀ ਉਮਰ ’ਚ ਗੁਰੂ ਜੀ ਦਾ ਬਹੁਤਾ ਸਮਾਂ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ , ਬਾਬਾ ਮੋਹਰੀ ਜੀ ਅਤੇ ਆਪਣੇ ਸਹਿਪਾਠੀ ਭਾਈ ਗੁਰਦਾਸ ਜੀ ਦੀ ਦੇਖ-ਰੇਖ ਵਿੱਚ ਗੁਜਰਿਆ, ਇਸ ਲਈ ਗੁਰੂ ਜੀ ਸ਼ਬਦ ਕੀਰਤਨ ,ਦੁਨਿਆਵੀ ਅਤੇ ਅਧਿਆਤਮਕ ਗਿਆਨ ’ਚ ਪ੍ਰਬੀਨ ਸਨ। ਗੁਰੂ ਜੀ ਉੱਚ ਕੋਟੀ ਦੇ ਵਿਦਵਾਨ, ਸਹਿਤਕਾਰ, ਚੰਗੇ ਚਿਤ੍ਰਕਾਰ, ਸੰਗੀਤਕਾਰ, ਤੇਜਸਵੀ ਆਗੂ, ਬਹੁਮੁਖੀ ਸ਼ਖਸੀਅਤ ਦੇ ਮਾਲਕ, ਮਹਾ-ਪਰਉਪਕਾਰੀ, ਕੌਮ ਉਸਰਈਏ ਤੇ ਮਹਾਨ ਕਲਾਕਾਰ ਸਨ।

PunjabKesari

ਵਿਆਹ
ਗੁਰੂ ਜੀ ਦਾ ਵਿਆਹ 1636 ਈ:’ਚ ਫਿਲੌਰ ਤਹਿਸੀਲ ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ 16 ਸਾਲ ਦੀ ਸੀ। 1652 ਈ: ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। 

ਗੁਰਗੱਦੀ ਮਿਲਣ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ
ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਬਥਸ਼ਿਸ਼ ਕੀਤੀ ਗਈ। ਗੁਰਿਆਈ ਮਿਲਣ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਸੰਪੂਰਨ ਕਰਨਾ ਸ਼ੁਰੂ ਕੀਤਾ। ਇਨ੍ਹਾਂ ਕੰਮਾਂ ਲਈ ਗੁਰੂ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਜਥੇਦਾਰ ਥਾਪਿਆ। 3 ਜਨਵਰੀ 1588 ਈ: ਨੂੰ ਮਾਘੀ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। 1593 ਈ: ’ਚ ਗੁਰੂ ਜੀ ਨੇ ਮਾਤਾ ਗੰਗਾ ਜੀ ਦੇ ਨਾਂਅ ‘ਤੇ ਜਲੰਧਰ ਵਿਖੇ ਖੂਹ ਵੀ ਲਗਵਾਇਆ।

PunjabKesari

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ
ਗੁਰੂ ਜੀ ਨੇ ਆਪਣੇ ਗੁਰਗੱਦੀ ਕਾਲ ’ਚ ਸਭ ਤੋਂ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਸ੍ਰੀ ਰਾਮਸਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ। ਗੁਰੂ ਜੀ ਨੇ 1601ਈ:ਤੋਂ ਲੈ ਕੇ 1604ਈ: ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ, ਜਿਸ ’ਚ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ । 30 ਅਗਸਤ 1604ਈ: ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਵਜੋਂ ਥਾਪਿਆ।

PunjabKesari

ਸਿੱਖ ਧਰਮ ਦੇ ਪ੍ਰਚਾਰ ਨਾਲ ਬ੍ਰਾਹਮਣਾਂ, ਕਾਜ਼ੀਆਂ ਤੇ ਰਾਜਨੀਤਕ ਹਸਤੀਆਂ ਦਾ ਸਾਰਾ ਪਾਜ ਉਘੜ ਗਿਆ ਸੀ। ਲੋਕਾਂ ਦੇ ਮਨਾਂ 'ਚੋਂ ਉਨ੍ਹਾਂ ਦਾ ਸਤਿਕਾਰ ਤੇ ਉੱਚਤਾ ਦੀ ਭਾਵਨਾ ਘੱਟ ਰਹੀ ਸੀ, ਜਿਸ ਕਾਰਨ ਇਹ ਸਾਰੇ ਵਰਗ ਸਿੱਖ ਧਰਮ ਦੇ ਵਿਕਾਸ ਤੋਂ ਤਿਲਮਿਲਾ ਉੱਠੇ ਸਨ। ਇਨ੍ਹਾਂ ਦੀ ਵੈਰ ਭਾਵਨਾ ਦੇ ਕਾਰਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਨਾਂ ਕਿਸੇ ਦੋਸ਼ ਦੇ ਸ਼ਹੀਦੀ ਦੇਣੀ ਪਈ । 1606 ਈ. ’ਚ ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾਇਆ। ਲਾਹੌਰ ਆਉਣ ’ਤੇ ਜਹਾਂਗੀਰ ਨੇ ਗੁਰੂ ਜੀ ਨੂੰ 2 ਲੱਖ ਰੁਪਏ ਦਾ ਜੁਰਮਾਨਾ ਭਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਸ਼ਾਮਲ ਕਰਨ ਲਈ ਆਖਿਆ ਪਰ ਗੁਰੂ ਜੀ ਨੇ ਜਹਾਂਗੀਰ ਨੂੰ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਪੂਰਨ ਸੰਤ ਰੂਪ ਹੋਣ ਦੇ ਨਾਲ-ਨਾਲ ਵੱਡੇ ਸੂਰਮੇ ਵੀ ਸਨ। ਉਨ੍ਹਾਂ ਨੂੰ ਮੌਤ ਦਾ ਭੈਅ ਨਹੀਂ ਸੀ। ਇਸ ਲਈ ਗੁਰੂ ਜੀ ਨੇ ਆਪਣੀ ਕੁਰਬਾਨੀ ਦੇਣੀ ਠੀਕ ਸਮਝੀ ਪਰ ਉਹ ਸੱਚ ਦੇ ਮਾਰਗ ਤੋਂ ਪਿੱਛੇ ਨਹੀਂ ਹਟੇ। ਗੁਰੂ ਜੀ ਨੂੰ ਸ਼ਹੀਦ ਕਰਨ ਲਈ ਚੰਦੂ ਨੇ ਬਲਦੀ 'ਤੇ ਤੇਲ ਪਾਇਆ ਸੀ।  ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦਾ ਹੁਕਮ ਖ਼ੁਦ ਜਹਾਂਗੀਰ ਨੇ ਜਾਰੀ ਕੀਤਾ ਸੀ। 'ਤੁਜ਼ਕਿ ਜਹਾਂਗੀਰੀ' ’ਚ ਦਿੱਤਾ ਹਵਾਲਾ ਜਹਾਂਗੀਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਅਤਿ ਸ਼ਾਂਤਮਈ ਸੀ। ਉਨ੍ਹਾਂ ਦੀ ਬਾਣੀ ’ਚ ਸੁੱਖ-ਸ਼ਾਂਤੀ ਦੇ ਵਿਸ਼ੇ ਪ੍ਰਧਾਨ ਹਨ। ਇਸ ਦੇ ਬਾਵਜੂਦ ਗੁਰੂ ਜੀ ਨੂੰ ਯਾਸਾ ਦੇ ਅਧੀਨ ਤਸੀਹੇ ਦੇ ਕੇ ਮੌਤ ਦੀ ਸਜ਼ਾ ਦਾ ਹੁਕਮ ਕੀਤਾ ਗਿਆ ਸੀ। ਅਜਿਹਾ ਕਰਨ ਦਾ ਉਨ੍ਹਾਂ ਦਾ ਉਦੇਸ਼ ਸਿੱਖ ਧਰਮ ਦੇ ਵਿਕਾਸ ਨੂੰ ਰੋਕਣਾ ਅਤੇ ਗੁਰੂ ਸਾਹਿਬਾਨ ਤੋਂ ਲੋਕਾਂ ਦੇ ਵਿਸ਼ਵਾਸ ਨੂੰ ਖਤਮ ਕਰਨਾ ਸੀ।  ਇਸ ’ਚ ਕਾਜ਼ੀਆਂ, ਮੁੱਲਾਂ ਤੋਂ ਇਲਾਵਾ ਨਕਸ਼..ਬੰਦੀ ਫਿਰਕੇ ਦੇ ਮੁਖੀ ਸ਼ੇਖ ਅਹਿਮਦ ਸਰਹੰਦੀ ਵਰਗੀਆਂ ਇਸਲਾਮੀ ਧਾਰਮਿਕ ਹਸਤੀਆਂ ਦਾ ਵੀ ਹੱਥ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

PunjabKesari

ਗੁਰੂ ਜੀ ਨੂੰ ਅਤਿ-ਕਸ਼ਟਦਾਇਕ ਤਸੀਹੇ ਦਿੱਤੇ ਗਏ। ਸਾਈਂ ਮੀਆਂ ਮੀਰ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਤਸੀਹਿਆਂ ਨੂੰ ਦੇਖ ਕੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਗੁਰੂ ਜੀ ਤੋਂ ਦਿੱਲੀ ਸਰਕਾਰ ਅੱਗੇ ਰੋਸ ਪ੍ਰਗਟ ਕਰਨ ਦੀ ਮੰਗ ਕੀਤੀ। ਗੁਰੂ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਾਂਤ-ਚਿੱਤ ਅਤੇ ਅਡੋਲ ਸਨ। ਉਨ੍ਹਾਂ ਨੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਇਹ ਸਭ ਕੁਝ ਅਕਾਲ ਪੁਰਖ ਦੇ ਭਾਣੇ ’ਚ ਹੈ। ਭਾਣੇ ’ਚ ਰਹਿਣਾ ਹੀ ਪ੍ਰਮਾਤਮਾ ਦੀ ਖੁਸ਼ੀ ਹੈ। ਉਨ੍ਹਾਂ ਨੇ ਸੰਸਾਰ ਨੂੰ ਭਾਣੇ ਵਿਚ ਰਹਿਣ ਦਾ ਸੰਦੇਸ਼ ਦਿੱਤਾ ਅਤੇ ਪ੍ਰਤੱਖ ਰੂਪ ਵਿਚ ਭਾਣਾ ਮੰਨ ਕੇ ਗੁਰਮੁਖ ਦੇ ਆਦਰਸ਼ ਨੂੰ ਸਾਕਾਰ ਕੀਤਾ। ਭਾਰਤੀ ਪ੍ਰਪੰਰਾ ’ਚ ਇਹ ਪਹਿਲੀ ਸ਼ਹਾਦਤ ਸੀ, ਜੋ ਕਿਸੇ ਮਹਾਪੁਰਖ ਨੇ ਧਰਮ ਦੀ ਖਾਤਰ ਦਿੱਤੀ ਸੀ। ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ। ਪੰਚਮ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਆਓ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਲਈ ਚੇਤੰਨ ਹੋ ਕੇ ਸਿੱਖ ਧਰਮ ਦੇ ਸਿਧਾਂਤਾਂ ਨੂੰ ਵਿਵਹਾਰਕ ਜੀਵਨ ਦਾ ਹਿੱਸਾ ਬਣਾਈਏ ਤੇ ਦਸਮ ਪਿਤਾ ਵਲੋਂ ਬਖਸ਼ਿਸ਼ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ।


rajwinder kaur

Content Editor

Related News