ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ

Saturday, Dec 17, 2022 - 11:44 PM (IST)

ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ (ਬਿਊਰੋ) : ਸੂਬੇ ਦੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ’ਚ ਅਣਗਹਿਲੀ ਅਤੇ ਦੇਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਇਲਾਵਾ ਤਿੰਨ ਅਧਿਕਾਰੀਆਂ, ਜਿਨ੍ਹਾਂ ’ਚ ਦੋ ਸੀਨੀਅਰ ਸਹਾਇਕ ਅਤੇ ਇਕ ਸਹਾਇਕ ਅਸਟੇਟ ਅਫ਼ਸਰ ਸ਼ਾਮਲ ਹੈ, ਨੂੰ ਡਿਊਟੀ ’ਚ ਕੁਤਾਹੀ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਹੈ। ਵਿਭਾਗ ਵੱਲੋਂ ਇਹ ਸਖ਼ਤ ਕਾਰਵਾਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਆਨਲਾਈਨ ਪ੍ਰਣਾਲੀ ਸਥਾਪਿਤ ਕੀਤੀ ਹੈ, ਜਿਸ ਉੱਤੇ ਵਿਭਾਗ ਨੂੰ ਪ੍ਰਾਪਤ ਹੋਈਆਂ ਅਰਜ਼ੀਆਂ ਅਤੇ ਫਾਈਲਾਂ ਦੀ ਸੀਨੀਅਰ ਅਧਿਕਾਰੀਆਂ ਅਤੇ ਖ਼ੁਦ ਉਨ੍ਹਾਂ (ਮਕਾਨ ਉਸਾਰੀ ਮੰਤਰੀ) ਵੱਲੋਂ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ PM ਮੋਦੀ ਦੀ ਸ਼ਲਾਘਾ, ਕੀਤੀ ਇਹ ਮੰਗ

ਹਾਲ ਹੀ ’ਚ ਮੰਤਰੀ ਨੇ ਖ਼ੁਦ ਹਰੇਕ ਪੱਧਰ ’ਤੇ ਹਰੇਕ ਕੇਸ ਦੀ ਪੈਂਡੈਂਸੀ ਦੀ ਨਿੱਜੀ ਤੌਰ ’ਤੇ ਪੜਤਾਲ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਵਿਭਾਗ ਦੇ 45 ਅਧਿਕਾਰੀਆਂ/ਕਰਮਚਾਰੀਆਂ, ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ, ਦੇ ਪੱਧਰ ਉੱਤੇ ਸਭ ਤੋਂ ਵੱਧ ਪੈਂਡੈਂਸੀ ਸੀ। ਇਨ੍ਹਾਂ ’ਚੋਂ ਤਿੰਨ ਨੂੰ ਕਾਰਨ ਦੱਸੋ ਨੋਟਿਸਾਂ ਦਾ ਜਵਾਬ ਨਾ ਦੇਣ ਅਤੇ ਡਿਊਟੀ ’ਚ ਕੁਤਾਹੀ ਕਰਨ ਲਈ ਚਾਰਜਸ਼ੀਟ ਕੀਤਾ ਗਿਆ ਹੈ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਕੇਸਾਂ ਦੀ ਕਲੀਅਰੈਂਸ ’ਚ ਬੇਲੋੜੀ ਦੇਰੀ ਕਰਨ ਨਾਲ ਜਿਥੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ, ਉਥੇ ਹੀ ਅਨੈਤਿਕ ਤੇ ਭ੍ਰਿਸ਼ਟ ਤਰੀਕਿਆਂ ਦਾ ਜਨਮ ਹੁੰਦਾ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ’ਚ ਵੀ ਫ਼ਰਜ਼ ਤੋਂ ਭੱਜਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਪੁਲਸ ਹੱਥ ਲੱਗੀ ਸਫ਼ਲਤਾ, ਟਿੰਮੀ ਚਾਵਲਾ-ਗੰਨਮੈਨ ਕਤਲਕਾਂਡ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਜਿਹੜੇ ਤਿੰਨ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਉਨ੍ਹਾਂ ’ਚ ਜਸਪਾਲ ਕੌਰ ਸਹਾਇਕ ਅਸਟੇਟ ਅਫ਼ਸਰ ਪਟਿਆਲਾ ਵਿਕਾਸ ਅਥਾਰਟੀ, ਰਾਜੇਸ਼ ਕੁਮਾਰ ਸੀਨੀਅਰ ਸਹਾਇਕ (ਲੇਖਾ) ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਪਰਮਿੰਦਰ ਸਿੰਘ ਸੀਨੀਅਰ ਸਹਾਇਕ ਅਸਟੇਟ ਦਫ਼ਤਰ ਗਮਾਡਾ ਸ਼ਾਮਲ ਹਨ। ਜਿਹੜੇ 42 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ’ਚ ਅੰਮ੍ਰਿਤਸਰ ਵਿਕਾਸ ਅਥਾਰਟੀ ਦਾ ਇਕ ਜੂਨੀਅਰ ਇੰਜੀਨੀਅਰ (ਸਿਵਲ), ਜਲੰਧਰ ਵਿਕਾਸ ਅਥਾਰਟੀ ਦੇ ਚਾਰ ਜੂਨੀਅਰ ਇੰਜੀਨੀਅਰ, ਬਠਿੰਡਾ ਵਿਕਾਸ ਅਥਾਰਟੀ ਦਾ ਇਕ ਸੈਕਸ਼ਨ ਅਫ਼ਸਰ (ਐੱਸ. ਓ.) ਅਤੇ ਇਕ ਸੀਨੀਅਰ ਸਹਾਇਕ (ਲੇਖਾ) ਅਤੇ ਗਲਾਡਾ ਦੇ ਚਾਰ ਸੀਨੀਅਰ ਸਹਾਇਕ (ਲੇਖਾ), ਇਕ ਸਹਾਇਕ ਅਸਟੇਟ ਅਫ਼ਸਰ, ਇਕ ਸਬ-ਡਵੀਜ਼ਨ ਇੰਜੀਨੀਅਰ (ਸਿਵਲ), ਇਕ ਸੁਪਰਡੈਂਟ ਅਤੇ ਇਕ ਐੱਸ. ਓ. ਸ਼ਾਮਲ ਹੈ। ਇਸੇ ਤਰ੍ਹਾਂ ਗਮਾਡਾ ਦੇ 27 ਅਧਿਕਾਰੀਆਂ/ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ ਇਕ ਅਸਟੇਟ ਅਫ਼ਸਰ (ਮਕਾਨ ਉਸਾਰੀ), ਇਕ ਅਸਟੇਟ ਅਫ਼ਸਰ (ਪਲਾਟ), ਤਿੰਨ ਸਹਾਇਕ ਅਸਟੇਟ ਅਫ਼ਸਰ, ਚਾਰ ਸੁਪਰਡੈਂਟ (ਅਸਟੇਟ ਦਫ਼ਤਰ), ਦੋ ਸੀਨੀਅਰ ਸਹਾਇਕ (ਲੇਖਾ), 7 ਕਲਰਕ, 7 ਸੀਨੀਅਰ ਸਹਾਇਕ ਤੇ ਦੋ ਜੇ. ਈ. (ਸਿਵਲ) ਸ਼ਾਮਲ ਹਨ। ਡਿਊਟੀ ਤੋਂ ਟਾਲਾ ਵੱਟਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਆਪਣੇ ਫ਼ਰਜ਼ ਪ੍ਰਤੀ ਲੋਕ-ਸੇਵਕਾਂ ਦੀ ਟਾਲ਼-ਮਟੋਲ  ਵਾਲੀ ਪਹੁੰਚ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਲੋਕਾਂ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸੱਤਾ ’ਚ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ


author

Manoj

Content Editor

Related News