ਵੱਡੀ ਖ਼ਬਰ: ਜਲੰਧਰ 'ਚ ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਗੋਲੀਆਂ
Wednesday, Aug 28, 2024 - 09:00 PM (IST)

ਜਲੰਧਰ, (ਵੈੱਬ ਡੈਸਕ)- ਜਲੰਧਰ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਲਾਜਪਤ ਨੰਗਰ 'ਚ ਬੁੱਧਵਾਰ ਨੂੰ ਨਸ਼ਾ ਤਸਕਰਾਂ ਅਤੇ ਪੁਲਸ ਵਿਚਾਲੇ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇਕ ਤਸਕਰ ਨੂੰ ਗੋਲੀ ਲੱਗੀ ਹੈ, ਜੋ ਕਿ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਅਪਰਾਧੀਆਂ ਖ਼ਿਲਾਫ ਮੁਹਿੰਮ ਛੇੜੀ ਹੋਈ ਹੈ। ਆਏ ਦਿਨ ਪੁਲਸ ਕਿਸੇ ਨਾ ਕਿਸੇ ਵੱਡੇ ਅਪਰਾਧੀ ਨੂੰ ਗ੍ਰਿਫਤਾਰ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਵਲੋਂ ਚਲਾਈ ਗਈ ਮੁਹਿੰਮ ਦੌਰਾਨ ਅੱਜ ਕੁੱਝ ਤਸਕਰਾਂ ਵਲੋਂ ਨਸ਼ਾ ਸਪਲਾਈ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਇਸ ਦੌਰਾਨ ਨਸ਼ਾ ਤਸਕਰਾਂ ਦਾ ਪਿੱਛਾ ਕਰਨ ਗਈ ਪੁਲਸ 'ਤੇ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੀ ਜਵਾਬੀ ਕਾਰਵਾਈ 'ਚ ਇਕ ਤਸਕਰ ਜ਼ਖ਼ਮੀ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਇਸ ਦੌਰਾਨ ਪੁਲਸ ਨੇ ਸਮੱਗਲਰਾਂ ਕੋਲੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।