ਹਰਿਮੰਦਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ ਨੂੰ ਮਾਨਸਾ ਜੇਲ੍ਹ ''ਚ ਕੀਤੀ ਗਿਆ ਸ਼ਿਫਟ
Monday, Nov 21, 2022 - 11:12 AM (IST)
ਗੁਰਦਾਸਪੁਰ (ਵਿਨੋਦ) : ਸ੍ਰੀ ਦਰਬਾਰ ਸਾਹਿਬ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੂੰ ਜੇਲ੍ਹ ਵਿਚ ਹਾਲਾਤ ਵਿਗੜਦੇ ਵੇਖ ਜੇਲ੍ਹ ਪ੍ਰਸ਼ਾਸਨ ਨੇ ਮਾਨਸਾ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹਰਵਿੰਦਰ ਸੋਨੀ ਨੇ ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਗੱਲ ਕਹੀ ਸੀ, ਜਿਸ ’ਤੇ ਸਿੱਖ ਜਥੇਬੰਦੀਆਂ ਨੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਦੇ ਦਫ਼ਤਰ ਦਾ ਘਿਰਾਓ ਕਰਦਿਆਂ ਹਰਵਿੰਦਰ ਸੋਨੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ। ਪੁਲਸ ਨੇ ਫਿਰ ਕਾਨੂੰਨੀ ਰਾਏ ਲੈਂਦਿਆਂ ਤਿੱਬੜੀ ਵਾਸੀ ਲਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ 16 ਨਵੰਬਰ ਨੂੰ ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਵਿਚ ਧਾਰਾ 295-ਏ ਸਮੇਤ 504 ਅਤੇ 505 ਤਹਿਤ ਕੇਸ ਦਰਜ ਕਰਕੇ 18 ਨਵੰਬਰ ਨੂੰ ਹਰਵਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸੇ ਦਿਨ ਅਦਾਲਤ ਨੇ ਉਸ ਨੂੰ ਜੂਡੀਸ਼ੀਅਲ ਰਿਮਾਂਡ ਦੇ ਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ 'ਤੇ ISI ਦਾ ਦਾਅਵਾ, ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਦੀ ਹੋਈ ਹੈ ਮੌਤ
ਜਾਣਕਾਰੀ ਮੁਤਾਬਕ ਜਦੋਂ ਤੋਂ ਹਰਵਿੰਦਰ ਸੋਨੀ ਜੇਲ੍ਹ ਵਿਚ ਆਇਆ ਸੀ ਉਦੋਂ ਤੋਂ ਹੀ ਜੇਲ੍ਹ ਵਿਚ ਬੰਦ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਹੋਰ ਸਿੱਖ ਕੈਦੀ ਹਰਵਿੰਦਰ ਸੋਨੀ ਨਾਲ ਦੁਰਵਿਵਹਾਰ ਕਰ ਰਹੇ ਸਨ। ਬੀਤੀ ਰਾਤ ਜੇਲ੍ਹ ਵਿਚ ਬੰਦ ਕੁਝ ਕੈਦੀਆਂ ਨੇ ਹਰਵਿੰਦਰ ਸੋਨੀ ਨਾਲ ਹੱਥੋਪਾਈ ਦੀ ਕੋਸ਼ਿਸ਼ ਵੀ ਕੀਤੀ। ਬੀਤੇ ਦਿਨ ਵੀ 100 ਤੋਂ ਵੱਧ ਜੇਲ੍ਹ ਵਿਚ ਬੰਦ ਸਿੱਖਾਂ ਨੇ ਹਰਵਿੰਦਰ ਸੋਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ’ਤੇ ਕੁਝ ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਜੇਲ੍ਹ ਵਿਚ ਉਸ ਦੀ ਜਾਨ ਨੂੰ ਖ਼ਤਰਾ ਦੇਖ ਕੇ ਜੇਲ੍ਹ ਸੁਪਰਡੈਂਟ ਹਰਜਿੰਦਰ ਸਿੰਘ ਨੇ ਬੀਤੇ ਦਿਨ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਤਰਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਹਰਵਿੰਦਰ ਸੋਨੀ ਨੂੰ ਇਸ ਜੇਲ੍ਹ ਦੀ ਥਾਂ ਕਿਸੇ ਹੋਰ ਜੇਲ੍ਹ ਵਿਚ ਤਬਦੀਲ ਕਰਨ ਦਾ ਫ਼ੈਸਲਾ ਕਰਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਮਾਨਸਾ ਜੇਲ੍ਹ ਭੇਜ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।