ਮਹਿੰਦਰ ਸਿੰਘ ਆਹਲੀ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਦੇ ਨਿੱਜੀ ਸਕੱਤਰ

01/29/2020 6:09:25 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੂੰ ਆਪਣੇ ਨਿੱਜੀ ਸਕੱਤਰ ਵਜੋਂ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਅਵਤਾਰ ਸਿੰਘ ਸੈਂਪਲਾ ਨਿੱਜੀ ਸਕੱਤਰ ਵਜੋਂ ਕਾਰਜਸ਼ੀਲ ਸਨ, ਜੋ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਮਹਿੰਦਰ ਸਿੰਘ ਆਹਲੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੱਜੀ ਸਕੱਤਰ ਨਿਯੁਕਤ ਕੀਤਾ ਹੈ, ਜੋ ਆਪਣੀਆਂ ਪਹਿਲੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇਹ ਸੇਵਾ ਵੀ ਨਿਭਾਉਣਗੇ।

ਦੱਸਣਯੋਗ ਹੈ ਕਿ ਆਹਲੀ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਸੈਕਸ਼ਨ-85 ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਦੇ ਸਕੱਤਰ ਵਜੋਂ ਕੰਮ ਕਰ ਰਹੇ ਹਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਨਿਯੁਕਤ ਹੋਏ ਆਹਲੀ ਨੇ ਭਾਈ ਲੌਂਗੋਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਸਭ ਦੇ ਸਹਿਯੋਗ ਅਤੇ ਗੁਰੂ ਸਾਹਿਬ ਦੀ ਭੈਅ-ਭਾਵਨੀ 'ਚ ਰਹਿੰਦਿਆਂ ਨਿਭਾਉਣਗੇ। ਆਹਲੀ ਨੂੰ ਨਿੱਜੀ ਸਕੱਤਰ ਬਣਨ 'ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਮੁਬਾਰਕਬਾਦ ਦਿੱਤੀ ਹੈ।


Baljeet Kaur

Content Editor

Related News