ਸੁਖਬੀਰ ਬਾਦਲ ਵਲੋਂ 2022 ਦੀਆਂ ਚੋਣਾਂ ਲਈ ਇਕ ਹੋਰ ਉਮੀਦਵਾਰ ਦਾ ਐਲਾਨ
Tuesday, Apr 13, 2021 - 06:33 PM (IST)
ਤਲਵੰਡੀ ਸਾਬੋ (ਵੈੱਬ ਡੈਸਕ, ਮੁਨੀਸ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2022 ਦੀਆਂਵਿਧਾਨ ਸਭਾ ਚੋਣਾਂ ਲਈ ਹਲਕੇ ਦੇ ਚਾਰ ਵਾਰ ਵਿਧਾਇਕ ਰਹੇ ਅਤੇ ਮੌਜੂਦਾ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਉਮੀਦਵਾਰ ਐਲਾਨ ਦਿੱਤਾ ਹੈ। ਸੁਖਬੀਰ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹੋਏ ਸਨ। ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਰੱਜ ਕੇ ਹੱਲਾ ਬੋਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫ਼ਾ
ਉਨ੍ਹਾਂ ਕਿਹਾ ਕਿ ਕਣਕ ਦੀ ਸਿੱਧੀ ਅਦਾਇਗੀ ਦੇ ਮਸਲੇ ਅਤੇ ਰੂਰਲ ਡਿਵੈਲਪਮੈਂਟ ਫੰਡ ਸਮੇਤ ਸੂਬੇ ਦੇ ਕਈ ਹੋਰ ਮਸਲਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬੇ ਨੂੰ ਮਿਲਣ ਵਾਲਾ ਰੂਰਲ ਡਿਵੈਲਪਮੈਂਟ ਫੰਡ 4ਪ੍ਰਤੀਸ਼ਤ ਤੋਂ ਘਟਾ ਕੇ ਇਕ ਪ੍ਰਤੀਸ਼ਤ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਕੋਈ ਵਿਰੋਧ ਨਹੀਂ ਪ੍ਰਗਟਾਇਆ। ਉਨ੍ਹਾਂ ਕਣਕ ਦੀ ਖਰੀਦ ਮਸਲੇ ’ਤੇ ਵੀ ਪੰਜਾਬ ਸਰਕਾਰ ਨੂੰ ਨਲਾਇਕ ਦੱਸਦਿਆਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਨਾਲੋਂ ਲੇਟ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਪਰ ਅਜੇ ਤੱਕ ਵੀ ਬਹੁਤੀਆਂ ਮੰਡੀਆਂ ਵਿਚ ਜਾਂ ਤਾਂ ਬਾਰਦਾਨਾ ਨਹੀ ਪੁੱਜਾ ਜਾਂ ਫਿਰ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਪੰਜਾਬ ’ਚ ਸਕੂਲ ਖੋਲ੍ਹੇ ਜਾਣ ਦੇ ਮਾਮਲੇ ’ਤੇ ਸਿੱਖਿਆ ਮੰਤਰੀ ਦਾ ਆਇਆ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਕਿਸਾਨ ਕਣਕਾਂ ਲੈ ਕੇ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਹਨ, ਜਦੋਂਕਿ ਮੁੱਖ ਮੰਤਰੀ ਸਾਹਿਬ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀ ਨਿੱਕਲ ਰਹੇ। 2022 ਵਿਧਾਨ ਸਭਾ ਚੋਣਾਂ ਵਿਚ ਕਿਸੇ ਸਿਆਸੀ ਧਿਰ ਨਾਲ ਗਠਜੋੜ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਗੱਲ ਚੱਲ ਰਹੀ ਹੈ ਜਦੋਂ ਗਠਜੋੜ ਸਿਰੇ ਚੜ ਗਿਆ ਤਾਂ ਦੱਸ ਦੇਵਾਂਗੇ। ਔਰਤਾਂ ਨੂੰ ਮੁਫਤ ਬੱਸ ਸਫਰ ਦੇ ਸਵਾਲ ਤੇ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਔਰਤਾਂ ਨੂੰ ਪ੍ਰਾਈਵੇਟ ਬੱਸਾਂ ਵਿਚ ਵੀ ਮੁਫ਼ਤ ਸਫ਼ਰ ਦੀ ਸਹੂਲਤ ਦੇਵਾਂਗੇ। ਜਦੋਂ ਉਨਾਂ ਨੂੰ ਪੁੱਛਿਆ ਕਿ ਤੁਸੀਂ ਆਪਣੀਆਂ ਬੱਸਾਂ ਵਿਚ ਲਾਗੂ ਕਰ ਦਿਉ ਤਾਂ ਉਨ੍ਹਾਂ ਕਿਹਾ ਕਿ ਇਹ ਫ਼ੈਸਲੇ ਸਰਕਾਰੀ ਪੱਧਰ ’ਤੇ ਹੀ ਹੋਇਆ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਮਹਿਕਮੇ ’ਚ ਭਰਤੀ ਪ੍ਰਕਿਰਿਆ ਤੇਜ਼, ਭਰੀਆਂ ਜਾਣਗੀਆਂ 3100 ਤੋਂ ਵੱਧ ਅਸਾਮੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?