ਅਕਾਲੀ ਦਲ ਲਈ ਆਪਣੇ ਆਗੂਆਂ ਨੂੰ ਪਾਰਟੀ ’ਚ ਸੰਭਾਲੀ ਰੱਖਣਾ ਬਣੀ ਵੱਡੀ ਚੁਣੌਤੀ

Thursday, Dec 02, 2021 - 10:29 AM (IST)

ਜਲੰਧਰ (ਜ.ਬ)– ਸ਼੍ਰੋਮਣੀ ਅਕਾਲੀ ਦਲ (ਬ) ਨੂੰ ਬੁੱਧਵਾਰ ਉਸ ਸਮੇਂ ਝਟਕਾ ਲੱਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਈਟ ਹੈਂਡ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦਾ ਪੱਲਾ ਫੜ ਲਿਆ। ਸਿਰਸਾ ਦੇ ਭਾਜਪਾ ਵਿਚ ਜਾਣ ਦੇ ਪੰਜਾਬ ਦੇ ਸਿਆਸੀ ਪੰਡਿਤਾਂ ਵੱਲੋਂ ਕਈ ਅਰਥ ਕੱਢੇ ਜਾ ਰਹੇ ਹਨ, ਜਿਨ੍ਹਾਂ ਦੇ ਨਾਲ-ਨਾਲ ਕਿਆਸਅਰਾਈਆਂ ਅਤੇ ਚਰਚਾਵਾਂ ਦਾ ਬਾਜ਼ਾਰ ਵੀ ਕਾਫ਼ੀ ਗਰਮ ਹੋ ਗਿਆ ਹੈ। ਪੰਜਾਬ ਦੇ ਸਿਆਸੀ ਪੰਡਿਤਾਂ ਦੀ ਮੰਨੀਏ ਤਾਂ ਸਿਰਸਾ ਦੇ ਜਾਣ ਨਾਲ ਅਕਾਲੀ ਦਲ ਰਾਸ਼ਟਰੀ ਪੱਧਰ ਦੇ ਨਾਲ-ਨਾਲ ਸੂਬਾ ਪੱਧਰ ’ਤੇ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਗੁਆ ਰਿਹਾ ਹੈ। ਹੁਣ ਅਕਾਲੀ ਦਲ ਲਈ ਆਪਣੇ ਆਗੂਆਂ ਨੂੰ ਸੰਭਾਲਣਾ ਮੁਸ਼ਕਿਲ ਅਤੇ ਚੁਣੌਤੀਪੂਰਨ ਬਣ ਚੁੱਕਾ ਹੈ।

ਦਿੱਲੀ ਵਿਚ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਰ ਨੇਤਾ ਸਿਰਸਾ ਸਿੱਖ ਭਾਈਚਾਰੇ ਵਿਚ ਵੱਡਾ ਰਸੂਖ ਰੱਖਦੇ ਹਨ। ਭਾਵੇਂ ਪਾਰਟੀ ਦੀਆਂ ਗਤੀਵਿਧੀਆਂ ਦੀ ਗੱਲ ਹੋਵੇ ਜਾਂ ਧਾਰਮਿਕ ਗਤੀਵਿਧੀਆਂ ਦੀ, ਸਿਰਸਾ ਹਮੇਸ਼ਾ ਹੀ ਅੱਗੇ ਵਧ ਕੇ ਹਿੱਸਾ ਲੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਿਰਸਾ ਨੇ ਭਾਜਪਾ ਦਾ ਪੱਲਾ ਉਦੋਂ ਫੜਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਲੋੜ ਸੀ, ਜਿਸ ਕਾਰਨ ਅਕਾਲੀ ਦਲ (ਬ) ਨੂੰ ਇਸ ਦਾ ਸਿਆਸੀ ਨੁਕਸਾਨ 2022 ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ: ਹੁਣ ਪ੍ਰੋਫ਼ੈਸਰਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਖ਼ਾਲਸਾ ਕਾਲਜ ਦੇ ਬਾਹਰ ਦਿੱਤਾ ਧਰਨਾ

ਹੈਰਾਨੀ ਦੀ ਗੱਲ ਹੈ ਕਿ ਸਿਰਸਾ ਵੱਲੋਂ ਚੁੱਪ-ਚੁਪੀਤੇ ਭਾਜਪਾ ਵਿਚ ਜਾਣ ਨਾਲ ਨਾ ਸਿਰਫ ਅਕਾਲੀ ਦਲ, ਕਾਂਗਰਸ ਸਮੇਤ ਸਮੁੱਚੀਆਂ ਪਾਰਟੀਆਂ ਲਈ ਚਰਚਾ ਛਿੜ ਚੁੱਕੀ ਹੈ ਕਿ ਆਖਿਰ ਅਜਿਹੀ ਕੀ ਗੱਲ ਹੋਈ ਕਿ ਸਿਰਸਾ ਨੂੰ ਅਕਾਲੀ ਦਲ ਦਾ ਸਾਥ ਛੱਡਣਾ ਪਿਆ। ਹਾਲਾਂਕਿ ਸਿਆਸੀ ਤੌਰ ’ਤੇ ਵੇਖਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਭਾਜਪਾ ਉਨ੍ਹਾਂ ਨੂੰ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਵੀ ਬਣਾ ਸਕਦੀ ਹੈ ਜਾਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਵਿਚ ਸਿਆਸੀ ਫਾਇਦਾ ਲੈਣ ਲਈ ਵਰਤ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਨਜਿੰਦਰ ਸਿੰਘ ਸਿਰਸਾ ਦੇ ਚੰਗੇ ਸਬੰਧ ਹੋਣ ਦਾ ਫਾਇਦਾ ਹੁਣ ਉਨ੍ਹਾਂ ਨੂੰ ਮਿਲੇਗਾ। ਫਿਲਹਾਲ ਕਿਸਾਨੀ ਅੰਦੋਲਨ ਕਾਰਨ ਉਨ੍ਹਾਂ ਨੂੰ ਮਜਬੂਰਨ ਭਾਜਪਾ ਖਿਲਾਫ ਬੋਲਣਾ ਪਿਆ ਪਰ ਅੰਦਰੂਨੀ ਤੌਰ ’ਤੇ ਭਾਜਪਾ ਦੀ ਹਮਾਇਤ ਕੀਤੀ। ਹੁਣ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਤਾਂ ਭਾਜਪਾ ਦਾ ਫੋਕਸ ਪੰਜਾਬ ’ਤੇ ਹੈ।

ਇਹ ਵੀ ਪੜ੍ਹੋ: ਗੋਰਾਇਆ: ਕਾਂਗਰਸੀ ਕੌਂਸਲਰ ਦੇ ਭਤੀਜੇ ਨੇ ਮੁਹੱਲੇ 'ਚ ਕਰਵਾਈ 'ਲਵ ਮੈਰਿਜ', ਭੜਕੇ ਲੋਕਾਂ ਨੇ ਜਾਰੀ ਕੀਤਾ ਇਹ ਫ਼ਰਮਾਨ

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਲਈ ਵਧੀਆਂ ਮੁਸ਼ਕਿਲਾਂ
ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਮੁਸ਼ਕਿਲਾਂ ਵਧਣ ਲੱਗੀਆਂ ਹਨ ਕਿਉਂਕਿ ਇਕ ਪਾਸੇ ਜਿਥੇ ਭਾਜਪਾ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਵਾ ਰਹੀ ਹੈ, ਉਸਦੇ ਨਾਲ-ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਸੀਨੀਅਰ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਸਕਦੇ ਹਨ ਕਿਉਂਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪਾਰਟੀ ਪੰਜਾਬ ਲੋਕ ਕਾਂਗਰਸ ਵਿਚ ਵੀ ਕਈ ਅਕਾਲੀ ਨੇਤਾ ਸ਼ਾਮਲ ਹੋ ਜਾਣ।

ਭਾਜਪਾ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਏ ਆਗੂਆਂ ਨੂੰ ਮਿਲਿਆ ਕਰਾਰਾ ਜਵਾਬ
ਉਥੇ ਹੀ ਸਿਰਸਾ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਭਾਜਪਾ ਦੀ ਲੀਡਰਸ਼ਿਪ ਵੱਲੋਂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ਕਿਉਂਕਿ ਸਿਆਸੀ ਫਾਇਦਾ ਲੈਣ ਲਈ ਜੋ ਭਾਜਪਾ ਦਾ ਪੱਲਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ, ਉਨ੍ਹਾਂ ਨੂੰ ਇਕ ਸਖ਼ਤ ਅਤੇ ਸਾਫ਼ ਮੈਸੇਜ ਭੇਜਣ ਲਈ ਭਾਜਪਾ ਨੇ ਆਪਣਾ ਸਿਆਸੀ ਪੱਤਾ ਚੱਲਿਆ ਹੈ।

ਇਹ ਵੀ ਪੜ੍ਹੋ: ਬਾਕਸਿੰਗ ਕੋਚ ਨੇ 15 ਸਾਲਾ ਕੁੜੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਕੱਪੜੇ ਲਾਹ ਕੇ ਵਜ਼ਨ ਕਰਨ ਲਈ ਕੀਤਾ ਮਜਬੂਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News