ਸਿੱਧੂ ਦੇ ਸਨਕੀਪੁਣੇ ''ਤੇ ਮੁੱਖ ਮੰਤਰੀ ਲਗਾਮ ਕੱਸਣ : ਅਕਾਲੀ ਦਲ

07/22/2017 1:50:26 PM

ਚੰਡੀਗੜ੍ਹ (ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਸਨਕੀਪੁਣੇ ਉੱਤੇ ਲਗਾਮ ਕੱਸਣ, ਜੋ ਆਪਣੇ ਅਕਾਲੀ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਲੁਧਿਆਣਾ 'ਚ ਤਿਆਰ ਕੀਤੇ ਅਤਿ-ਆਧੁਨਿਕ ਇਨਡੋਰ ਸਟੇਡੀਅਮ ਨੂੰ ਜਿੰਦਾ ਲਾਉਣ ਵਰਗੇ ਲੋਕ-ਵਿਰੋਧੀ ਫੈਸਲੇ ਲੈ ਰਿਹਾ ਹੈ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਤਰਜਮਾਨ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਲੁਧਿਆਣਾ 'ਚ ਪੱਖੋਵਾਲ ਰੋਡ ਉੱਤੇ ਬਣਿਆ ਇਨਡੋਰ ਸਟੇਡੀਅਮ ਸਥਾਨਕ ਸਰਕਾਰਾਂ ਮੰਤਰੀ ਦੇ ਨਾਂਹ-ਪੱਖੀ ਏਜੰਡੇ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਮੰਤਰੀ ਨੇ ਸਿਰਫ ਇਸ ਕਰਕੇ ਇਸ ਸਟੇਡੀਅਮ ਨੂੰ ਜਿੰਦਾ ਲਵਾ ਦਿੱਤਾ ਹੈ ਕਿਉਂਕਿ ਸਾਲਾਂ ਤੋਂ ਅਣਗੌਲੇ ਪਏ ਇਸ ਸਟੇਡੀਅਮ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤੇਜ਼ੀ ਨਾਲ ਮੁਕੰਮਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਦੀ ਉਸਾਰੀ ਦਾ ਕੰਮ 2004 'ਚ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਅੱਧਵਾਟੇ ਲਟਕ ਗਿਆ ਸੀ। ਸ. ਬਾਦਲ ਵਲੋਂ ਵਿਖਾਈ ਸਿਆਸੀ ਇੱਛਾ-ਸ਼ਕਤੀ ਨੇ ਆਖਿਰ ਇਸ ਸਟੇਡੀਅਮ ਨੂੰ ਮੁਕੰਮਲ ਕਰਵਾਇਆ।
ਉਨ੍ਹਾਂ ਕਿਹਾ ਕਿ ਸਿੱਧੂ ਬਹੁਤ ਬੁਰੀ ਤਰ੍ਹਾਂ ਅਕਾਲੀ ਵਿਰੋਧੀ ਸਨਕ ਦਾ ਸ਼ਿਕਾਰ ਹੈ ਅਤੇ ਇਸ ਸਨਕ ਦੀ ਕੋਈ ਹੱਦ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਖਿਡਾਰੀਆਂ ਨੂੰ ਸਿਰਫ ਇਸ ਕਰਕੇ ਇਸ ਵਿਸ਼ਵ ਪੱਧਰੀ ਸਹੂਲਤਾਂ ਵਾਲੇ ਸਟੇਡੀਅਮ ਵਿਚ ਸਿਖਲਾਈ ਲੈਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਇਸ ਸਟੇਡੀਅਮ ਦੀ ਉਸਾਰੀ 'ਚ ਅਕਾਲੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ 'ਚ ਵਾਲੀਬਾਲ, ਬਾਸਕਟਬਾਲ ਅਤੇ ਬੈਡਮਿੰਟਨ ਖੇਡਣ ਦੀਆਂ ਸਹੂਲਤਾਂ ਹਨ ਪਰ ਨੌਜਵਾਨਾਂ ਨੂੰ ਇਨ੍ਹਾਂ ਸਹੂਲਤਾਂ ਦਾ ਇਸਤੇਮਾਲ ਕਰਨ ਤੋਂ ਵਰਜਿਆ ਜਾ ਰਿਹਾ ਹੈ।


Related News